ਨਿੱਜੀ ਪੱਤਰ ਪ੍ਰੇਰਕ
ਮੋਗਾ, 11 ਨਵੰਬਰ
ਸਥਾਨਕ ਵਿਜੀਲੈਂਸ ਬਿਊਰੋ ਨੇ ਇੱਥੇ ਪੀਸੀਆਰ ’ਚ ਤਾਇਨਾਤ ਦੋ ਪੁਲੀਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਦੋ ਕਥਿਤ ਦਲਾਲਾਂ ਖ਼ਿਲਾਫ਼ ਭ੍ਰਿਸਟਾਚਾਰ ਅਤੇ ਆਈਪੀਸੀ ਦੀਆਂ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੀਐੱਸਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਗਗਨਦੀਪ ਸਿੰਘ ਵਾਸੀ ਪਿੰਡ ਹਰੀਏਵਾਲਾ( ਮੋਗਾ) ਦੀ ਸ਼ਿਕਾਇਤ ਉੱਤੇ ਪੀਸੀਆਰ ’ਚ ਤਾਇਨਾਤ ਸਿਪਾਹੀ ਸਰਬਜੀਤ ਸਿੰਘ, ਸਿਪਾਹੀ ਇਕਬਾਲ ਸਿੰਘ, ਜਸਪ੍ਰੀਤ ਸਿੰਘ ਵਾਸੀ ਪਿੰਡ ਘੱਲਕਲਾਂ ਤੇ ਸਿਮਰਨਜੀਤ ਸਿੰਘ ਵਾਸੀ ਮੋਗਾ ਖ਼ਿਲਾਫ਼ ਭ੍ਰਿਸਟਾਚਾਰ ਰੋਕੂ ਐਕਟ ਅਤੇ ਆਈਪੀਸੀ ਦੀ ਧਾਰਾ 3884/379ਬੀ/342/506/419 ਤਹਿਤ ਕੇਸ ਦਰਜ ਕਰ ਕੇ ਸਿਪਾਹੀ ਇਕਬਾਲ ਸਿੰਘ ਤੇ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਦੋੋਹਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ ਹੈ। ਡੀਐੱਸਪੀ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਬਾਕੀ ਦੋਵੇਂ ਮੁਲਜਮ ਫ਼ਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਵਿਜੀਲੈਂਸ ਮੁਤਾਬਕ ਗਗਨਦੀਪ ਸਿੰਘ ਆਪਣੇ ਦੋਸਤ ਮਨਤੇਜ ਸਿੰਘ ਉਰਫ਼ ਰਮਨ ਨਾਲ ਲੰਘੀ 3 ਨਵੰਬਰ ਨੂੰ ਲੁਧਿਆਣਾ ਤੋਂ ਸ਼ਾਮ ਨੂੰ ਮੋਗਾ ਪਰਤਿਆ ਸੀ। ਉਨ੍ਹਾਂ ਦਾ ਬੁਲੇਟ ਮੋਟਰਸਾਈਕਲ ਬੱਸ ਅੱਡਾ ਚੌਕ ਨੇੜੇ ਖੜ੍ਹਾ ਸੀ। ਇਸ ਦੌਰਾਨ ਸਿਵਲ ਕੱਪੜਿਆਂ ’ਚ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਬੁਲੇਟ ਮੋਟਰਸਾਈਕਲ ਬਾਰੇ ਪੁੱਛਿਆ ਤੇ ਉਨ੍ਹਾਂ ਨੂੰ ਬੱਸ ਅੱਡੇ ਪਿੱਛੇ ਕਮਰੇ ’ਚ ਲਿਜਾ ਕੇ ਦੱਸਿਆ ਗਿਆ ਕਿ ਉਹ ਸੀਆਈਏ ਸਟਾਫ਼ ਵਿੱਚ ਤਾਇਨਾਤ ਹਨ। ਸ਼ਿਕਾਇਤਕਰਤਾ ਮੁਤਾਬਕ ਉਸ ਦੇ ਦੋਸਤ ਕੋਲੋਂ ਤਲਾਸ਼ੀ ਦੌਰਾਨ ਸਰਿੰਜ ਨਿਕਲ ਆਈ ਅਤੇ ਪੁਲੀਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਨਸ਼ੇ ਦਾ ਧੰਦਾ ਕਰਦੇ ਹਨ। ਇਹ ਕਹਿ ਕੇ ਮੁਲਜ਼ਮਾਂ ਨੇ ਗਗਨਦੀਪ ਤੇ ਮਨਤੇਜ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਸਿਕਾਇਤਕਰਤਾ ਦੀ ਜੇਬ ’ਚੋਂ ਨਿਕਲੇ 28 ਹਜ਼ਾਰ 500 ਰੁਪਏ, ਉਸ ਦਾ ਆਧਾਰ ਕਾਰਡ, ਬੈਂਕ ਦੇ ਚੈੱਕ ਤੇ ਮੋਬਾਈਲ ਫੋਨ ਖੋਹ ਲਿਆ। ਮੁਲਜ਼ਮਾਂ ਨੇ ਤਸਕਰੀ ਕੇਸ ਤੋਂ ਬਚਾਉਣ ਲਈ ਉਨ੍ਹਾਂ ਕੋਲੋਂ ਇੱਕ ਲੱਖ ਰੁਪਏ ਮੰਗੇ ਅਤੇ ਸੌਦਾ 50 ਹਜ਼ਾਰ ਰੁਪਏ ’ਚ ਤੈਅ ਹੋ ਗਿਆ। ਉਪਰੰਤ ਗਗਨਦੀਪ ਸਿੰਘ ਨੇ ਇਸ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਨੇ ਇੱਕ ਸਿਪਾਹੀ ਤੇ ਇੱਕ ਹੋਰ ਵਿਅਕਤੀ ਨੂੰ ਕਾਬੂ ਕਰ ਲਿਆ ਜਦੋਂਕਿ ਦੋ ਫ਼ਰਾਰ ਹੋ ਗਏ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਛਾਪੇ ਮਾਰੀ ਰਹੀ ਹੈ।