ਜਸਵੰਤ ਜੱਸ
ਫਰੀਦਕੋਟ, 14 ਅਕਤੂਬਰ
ਸਿਟੀ ਪੁਲੀਸ ਨੇ ਫ਼ਰੀਦਕੋਟ ਦੇ ਇੱਕ ਕਾਰੋਬਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਜੰਗਲਾਤ ਵਿਭਾਗ ਦੇ ਚਾਰ ਉੱਚ ਅਧਿਕਾਰੀਆਂ ਖਿਲਾਫ਼ ਚੋਰੀ ਕਰਨ, ਧਮਕੀਆਂ ਦੇਣ, ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਤਰਸੇਮ ਕਟਾਰੀਆ ਵਾਸੀ ਫ਼ਰੀਦਕੋਟ ਨੇ ਇਸੇ ਸਾਲ ਫਰਵਰੀ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਤੇਜਿੰਦਰ ਸਿੰਘ, ਬਲਾਕ ਅਫ਼ਸਰ ਬੋਹੜ ਸਿੰਘ, ਫੋਰੈਸਟ ਗਾਰਡ ਸ਼ੀਤਲ ਸਿੰਘ ਅਤੇ ਸੰਦੀਪ ਸਿੰਘ ਨੇ ਰਾਜਸਥਾਨ ਫੀਡਰ ਨਜ਼ਦੀਕ ਉਸ ਦੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਲਾਟ ਵਿੱਚ ਪਈਆਂ 6 ਹਜ਼ਾਰ ਇੱਟਾਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਮਾਮਲੇ ਦੀ ਪੜਤਾਲ ਜ਼ਿਲ੍ਹਾ ਪੁਲੀਸ ਨੇ ਡੀ.ਐੱਸ.ਪੀ. ਫ਼ਰੀਦਕੋਟ ਤੋਂ ਕਰਵਾਈ ਸੀ। ਇਸ ਮਗਰੋਂ ਅੱਜ ਪੁਲੀਸ ਨੇ ਜੰਗਲਾਤ ਵਿਭਾਗ ਦੇ ਉਕਤ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਹਾਲ ਦੀ ਘੜੀ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਬੋਹੜ ਸਿੰਘ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਝੂਠੀ ਸ਼ਿਕਾਇਤ ਦਰਜ ਕੀਤੀ ਗਈ ਸੀ।
ਬੋਹੜ ਸਿੰਘ ਨੇ ਕਿਹਾ ਕਿ ਅਸਲ ਵਿੱਚ ਜੰਗਲਾਤ ਵਿਭਾਗ ਨੇ ਤਰਸੇਮ ਕਟਾਰੀਆ ਖਿਲਾਫ਼ ਵਿਭਾਗ ਦੇ ਖੰਭੇ ਤੋੜਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰੰਤੂ ਪੁਲੀਸ ਨੇ ਵਿਭਾਗ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਖਿਲਾਫ਼ ਪਰਚਾ ਦਰਜ ਕਰ ਦਿੱਤਾ।