ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਜੂਨ
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰਾਂ ਨੂੰ ਮੁਫ਼ਤ ਰਿਹਾਇਸ਼ੀ ਪਲਾਟ ਦੇਣ ਦੀ ਮੰਗ ਲਈ ਜਥੇਬੰਦੀ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦੀ ਅਗਵਾਈ ਵਿੱਚ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਸ੍ਰੀ ਨਸਰਾਲੀ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟ ਦੇਣ ਲਈ ਡੀਸੀ ਅਤੇ ਏਡੀਸੀ ਨੇ ਕਈ ਦਫ਼ਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ, ਇਸ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਆਗੂਆਂ ਮਨਦੀਪ ਸਿੰਘ ਸਿਬੀਆਂ ਅਤੇ ਤੀਰਥ ਸਿੰਘ ਕੋਠਾਗੁਰੂ ਨੇ ਦਾਅਵਾ ਕੀਤਾ ਕਿ ਇਥੋਂ ਬਦਲ ਕੇ ਪਟਿਆਲਾ ਜਾ ਚੁੱਕੇ ਡੀਸੀ ਸ਼ੌਕਤ ਅਹਿਮਦ ਪਰੇ ਨੇ ਪਲਾਟ ਦੇਣ ਲਈ ਪਟਵਾਰੀ ਤੋਂ ਨਕਸ਼ਾ ਵੀ ਤਿਆਰ ਕਰਵਾ ਲਿਆ ਸੀ, ਪਰ ਉਨ੍ਹਾਂ ਦੀ ਬਦਲੀ ਹੋਣ ਮਗਰੋਂ ਯੋਜਨਾ ਧਰੀ ਧਰਾਈ ਰਹਿ ਗਈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਡੀਸੀ ਤੇ ਏਡੀਸੀ ਵੱਲੋਂ ਮਜ਼ਦੂਰਾਂ ਨੂੰ ਲਾਰੇ ਲਾਏ ਜਾ ਰਹੇ ਹਨ, ਜਿਸ ਕਰ ਕੇ ਮਜ਼ਦੂਰਾਂ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਨੂੰ ਪਲਾਟ ਨਹੀਂ ਮਿਲਦੇ, ਉਦੋਂ ਤੱਕ ਉਹ ਇੱਥੋਂ ਨਹੀਂ ਉੱਠਣਗੇ ਅਤੇ ਸੰਘਰਸ਼ ਚੱਲਦਾ ਰਹੇਗਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਬਬਲੀ ਸਿੰਘ, ਦੀਨਾ ਸਿੰਘ ਤੇ ਸੋਨੀ ਨੇ ਮੰਗ ਨੂੰ ਜਾਇਜ਼ ਦੱਸਦਿਆਂ, ਮਜ਼ਦੂਰਾਂ ਦਾ ਡਟ ਕੇ ਸਾਥ ਦੇਣ ਦੀ ਗੱਲ ਕਹੀ। ਧਰਨੇ ਨੂੰ ਗੁਰਪ੍ਰੀਤ ਕੌਰ ਦਿਉਣ, ਮੱਖਣ ਸਿੰਘ, ਮਾੜਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ, ਕਾਕਾ ਸਿੰਘ ਜੀਦਾ, ਗੁਲਾਬ ਸਿੰਘ ਮਾਈਸਰਖਾਨਾ, ਜਰਨੈਲ ਸਿੰਘ ਅਕਲੀਆ, ਨਛੱਤਰ ਸਿੰਘ ਚੱਠੇਵਾਲਾ ਆਦਿ ਨੇ ਵੀ ਸੰਬੋਧਨ ਕੀਤਾ।