ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ
ਗੁਲਾਬੀ ਸੁੰਢੀ ਕਾਰਨ ਨਰਮੇ ਦੇ ਹੋਏ ਨੁਕਸਾਨ ਦਾ ਮੁਆਵਜ਼ਾ, ਖੁਦਕਸ਼ੀ ਪੀੜਤਾਂ ਅਤੇ ਦਿੱਲੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਤੇ ਇਕ ਜੀਅ ਨੂੰ ਨੌਕਰੀ ਅਤੇ ਅੰਦੋਲਨਕਾਰੀ ਕਿਸਾਨਾਂ ਤੇ ਦਰਜ ਕੇਸ ਰੱਦ ਕਰਾਉਣ ਸਬੰਧੀ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ, ਰਾਜਾ ਸਿੰਘ ਮਹਾਂਬੱਧਰ, ਮਲਕੀਤ ਸਿੰਘ ਗੱਗੜ, ਜਗਸੀਰ ਸਿੰਘ, ਮਿਠੜੀ ਬੁੱਧਗਰ, ਗੁਰਮੀਤ ਸਿੰਘ ਬਿੱਟੂ ਮੱਲਣ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸਦੇ ਨਾਲ ਹੀ ਬੈਂਕਾਂ ਕੋਲ ਖਾਲ੍ਹੀ ਪਏ ਚੈੱਕ ਵਾਪਸ ਕਰਾਉਣ ਅਤੇ ਖਾਲ੍ਹੀ ਚੈਕਾਂ ਦੇ ਆਧਾਰ ’ਤੇ ਜਿਹੜੇ ਕਿਸਾਨਾਂ ਨੂੰ ਸਜ਼ਾ ਹੋਈ ਹੈ ਉਸ ਕੇਸ ਵਾਪਸ ਕਰਾਕੇ ਕਿਸਾਨਾਂ ਨੂੰ ਸਜ਼ਾ ਮੁਕਤ ਕਰਾਰ ਦੇਣ ਦੀ ਵੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਆਗੂਆਂ ਨੇ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਦੇ ਖਾਤਮੇ ਲਈ ਮੁਲਕ ਵਿਆਪੀ ਜੇਤੂ ਘੋਲ ਵਰਗੇ ਘੋਲਾਂ ਦਾ ਰਾਹ ਉਭਾਰਨ ਲਈ ਜ਼ੋਰਦਾਰ ਜਾਗ੍ਰਿਤੀ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ, ਉਥੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿੱਚ ਐੱਮਐੱਸਪੀ ਫਸਲਾਂ ’ਤੇ ਦੇਣ, ਲਖਮੀਰਪੁਰ ਘਟਨਾ ਦੇ ਅਸਲ ਕਥਿਤ ਦੋਸ਼ੀ ਅਜੇ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਆਹੁਦੇ ਤੋਂ ਬਰਖਾਸਤ ਕਰਕੇ ਮੁਕੱਦਮਾ ਚਲਾਉਣ ਵਰਗੀਆਂ ਮੰਗਾਂ ਤੋਂ ਮੁਕਰਨਾ ਵਿਸ਼ਵਾਸ਼ਘਾਤ ਕਰਨ ਖ਼ਿਲਾਫ਼ 31 ਜਨਵਰੀ ਨੂੰ ਵਿਸ਼ਵਾਸ਼ਘਾਤ ਕਰਨ ਦਿਵਸ ਮਨਾਇਆ ਜਾਵੇਗਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਬੀਕੇਯੂ ਦੇ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਦੱਸਿਆ ਕਿ ਜਥੇਬੰਦੀ ਦੀ ਨੀਤੀ ਚੋਣਾਂ ਦੇ ਬਾਈਕਾਟ ਦੀ ਨਹੀਂ ਬਲਕਿ ਨਿਰਪੱਖ ਰਹਿਣ ਦੀ ਹੈ। ਹਰ ਇਕ ਜਥੇਬੰਦਕ ਮੈਂਬਰ ਨੂੰ ਆਪਣੀ ਮਰਜ਼ੀ ਮੁਤਾਬਿਕ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਜਾਂ ਨਾ ਪਾਉਣ ਦਾ ਫੈਸਲਾ ਕਰਨ ਦਾ ਹੱਕ ਹੈ।