ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 14 ਜੁਲਾਈ
ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਦੀ ਖੇਤੀ ਅਧਿਕਾਰੀਆਂ ਨੇ ਇੱਥੇ ਖੇਤੀ ਭਵਨ ਵਿੱਚ ਸਾਂਝੀ ਮੀਟਿੰਗ ਕਰਕੇ ਨਰਮੇ ਦੀ ਫ਼ਸਲ ਦੀ ਮੌਜੂਦਾ ਸਥਿਤੀ ’ਤੇ ਡੂੰਘੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਨਰਮੇ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਬਚਾਉਣ ਸਬੰਧੀ ਚਰਚਾ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਬਰਨਾਲਾ ਵਿੱਚ 440 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਜਗਸੀਰ ਸਿੰਘ ਨੇ ਹਾਊਸ ਦੇ ਧਿਆਨ ’ਚ ਲਿਆਂਦਾ ਕਿ ਬਠਿੰਡਾ ਜ਼ਿਲ੍ਹੇ ’ਚ ਕੁੱਲ 14500 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਹੈ ਅਤੇ ਫ਼ਸਲ ਦਾ ਸਮੇਂ-ਸਮੇਂ ਸਿਰ ਸਰਵੇਖਣ ਕਰਨ ਲਈ ਇੱਕ ਜ਼ਿਲ੍ਹਾ, 7 ਬਲਾਕ ਅਤੇ 44 ਸਰਕਲ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਹਾਊਸ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਨਰਮਾ ਪੱਟੀ ਦੇ ਜ਼ਿਲ੍ਹਿਆ ਵਿੱਚ ਸਮਰ ਮੂੰਗ ਦੀ ਬਿਜਾਈ ਹੋਣ ਕਾਰਨ ਜੁਲਾਈ ਦੇ ਅੰਤ ਤਕ ਚਿੱਟੀ ਮੱਖੀ ਦਾ ਸਰਵੇਖਣ ਕਰਕੇ ਲੋੜ ਪੈਣ ’ਤੇ ਨਰਮੇ ਦੀ ਫ਼ਸਲ ਉੱਪਰ ਸਿਫਾਰਸ਼-ਸ਼ੁਦਾ ਸਪਰੇਆਂ ਕਰਨੀਆਂ ਚਾਹੀਦੀਆਂ ਹਨ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਫੁੱਲ ਬਣਨ ’ਤੇ ਲਗਾਤਾਰ ਸਰਵੇਖਣ ਕਰਨਾ ਚਾਹੀਦਾ ਹੈ।