ਪਰਮਜੀਤ ਸਿੰਘ
ਫਾਜ਼ਿਲਕਾ 15 ਜੁਲਾਈ
ਫਾਜ਼ਿਲਕਾ ਦੇ ਪਿੰਡ ਭੰਬਾ ਵੱਟੂ ਨੇੜੇ ਲਾਧੂਕਾ ਮਾਈਨਰ ਦੇ ਚੌਥੀ ਵਾਰ ਟੁੱਟਣ ’ਤੇ ਕਿਸਾਨਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨਹਿਰ ਚੌਥੀ ਵਾਰ ਟੁੱਟ ਚੁੱਕੀ ਹੈ ਅਤੇ ਉਨ੍ਹਾਂ ਦੀ ਫਸਲ ਡੁੱਬ ਕੇ ਖ਼ਰਾਬ ਹੋ ਰਹੀ ਹੈ ਪ੍ਰੰਤੂ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਪੀੜਤ ਕਿਸਾਨ ਸੁਖਵਿੰਦਰ ਸਿੰਘ, ਹਰਦੀਪ ਸਿੰਘ ਅਤੇ ਰਤਨ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੌਸਮ ਵਿਭਾਗ ਵੱਲੋਂ ਸਰਕਾਰ ਨੂੰ ਭਾਰੀ ਮਾਨਸੂਨ ਦੀ ਚਿਤਾਵਨੀ ਦੱਸਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਹੜ੍ਹਾ ਦੇ ਸੰਭਾਵੀ ਖਤਰੇ ਦੇ ਮੱਦੇਨਜ਼ਰ ਮਾਨਸੂਨ ਤੋਂ ਪਹਿਲਾ ਨਹਿਰਾਂ ਦੀ ਸਫਾਈ ਦਾ ਕੰਮ ਨਹੀਂ ਕਰਵਾਇਆ ਗਿਆ। ਮੋਹਲੇਧਾਰ ਵਰਖਾ ਕਾਰਨ ਫਸਲਾਂ ਦੀ ਸਿੰਚਾਈ ਲਈ ਇਲਾਕੇ ਦੀ ਮੁੱਖ ਨਹਿਰ ਲਾਧੂਕਾ ਮਾਈਨਰ ਵਿੱਚ ਬੁਰਜੀ ਨੰਬਰ 155 ‘ਚ ਤੀਜੀ ਵਾਰ ਪਾੜ ਪੈ ਗਿਆ,ਪ੍ਰੰਤੂ ਹਰ ਵਾਰ ਨਹਿਰੀ ਵਿਭਾਗ ਇਸ ਬੁਰਜੀ ’ਤੇ ਖਾਨਾਪੂਰਤੀ ਦੇ ਨਾਮ ਤੇ ਪਾੜ ਵਿੱਚ ਬੰਨ੍ਹ ਲਾਉਣ ਦਾ ਕੰਮ ਕਰਦਾ ਹੈ। ਅੱਜ ਸਵੇਰੇ ਮੁੜ ਬੁਰਜੀ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੇ ਖੇਤਾਂ ‘ਚ ਪਾਣੀ ਭਰ ਗਿਆ ਜਿਸ ਕਾਰਨ ਸੈਂਕੜੇ ਏਕੜ ਖੜ੍ਹੀ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਨਹਿਰੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਅੱਜ ਰੋਸ ਵਿੱਚ ਆਏ ਕਿਸਾਨਾਂ ਨੇ ਮੰਡੀ ਲਾਧੂਕਾ ਨੇੜੇ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਪਿੰਡ ਭੰਬਾ ਵੱਟੂ ਲਾਗੇ ਸੜਕ ’ਤੇ ਜਾਮ ਲਗਾ ਦਿੱਤਾ,ਜਿਸ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਇਸ ਮੌਕੇ ਧਰਨੇ ’ਚ ਸ਼ਾਮਲ ਹੋਏ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪ੍ਰਭਾਵਿਤ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਅਤੇ ਕਿਸਾਨਾਂ ਦੀ ਖਰਾਬ ਫਸਲ ਦਾ ਤੁਰੰਤ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ। ਨਹਿਰੀ ਵਿਭਾਗ ਦੇ ਐਸਡੀਓ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਬੱਘੇਕੇ ਨਜ਼ਦੀਕ ਲਾਧੂਕਾ ਮਾਈਨਰ ਦਾ ਵਹਾਅ ਇੱਕ ਵਾਰੀ ਰੋਕਿਆ ਗਿਆ ਸੀ, ਪ੍ਰੰਤੂ ਕਿਸਾਨਾਂ ਵੱਲੋਂ ਅੱਗੇ ਪਾਣੀ ਛੱਡ ਦਿੱਤਾ ਗਿਆ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਲਾਧੂਕਾ ਮਾਈਨਰ ਦੀ ਮੁਰੰਮਤ ਲਈ 42 ਲੱਖ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ ਅਤੇ ਬੁਰਜੀ ਨੰਬਰ 155 ਨੂੰ ਪੱਕਾ ਕਰਕੇ ਬਰਮ੍ਹਾ ’ਤੇ ਮਿੱਟੀ ਪਾਈ ਜਾਵੇਗੀ। ਉੱਧਰ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਡੁੱਬੀ ਝੋਨੇ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।
ਕਰਮਗੜ੍ਹ ਮਾਈਨਰ ਵਿੱਚ ਵੀ 20 ਫੁੱਟ ਪਾੜ ਪਿਆ
ਮਲੋਟ/ਲੰਬੀ (ਲਖਵਿੰਦਰ ਸਿੰਘ/ਇਕਬਾਲ ਸਿੰਘ ਸ਼ਾਂਤ): ਲਗਾਤਾਰ ਚਾਰ ਘੰਟੇ ਦੇ ਕਰੀਬ ਪਏ ਮੀਂਹ ਕਾਰਨ ਨੇੜਲੇ ਪਿੰਡ ’ਚੋਂ ਲੰਘਦੇ ‘ਕਰਮਗੜ ਮਾਈਨਰ’ ਵਿੱਚ ਲਗਪਗ 20 ਫੁੱਟ ਚੌੜਾ ਪਾੜ ਪੈਣ ਕਾਰਨ ਸੈਂਕੜੇ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਇਸ ਮੌਕੇ ’ਤੇ ਇਕੱਤਰ ਹੋਏ ਪਿੰਡ ਵਾਸੀਆਂ ਰਮਨ ਕੁਮਾਰ ਆਦਿ ਨੇ ਦੱਸਿਆ ਕਿ ਮਾਈਨਰ ਦਿਨ ਵੇਲੇ ਕਰੀਬ ਗਿਆਰਾਂ ਵਜੇ ਟੁੱਟਿਆ ਸੀ ਤੇ ਚਾਰ ਵਜੇ ਤੱਕ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਮੌਕੇ ’ਤੇ ਨਹੀਂ ਅਪੜਿਆ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਫੋਨ ਕਰਦੇ ਰਹੇ ਪਰ ਸ਼ਾਮ ਤੱਕ ਕੋਈ ਨਹੀਂ ਬਹੁੜਿਆ ਤੇ ਨਾ ਹੀ ਪਾਣੀ ਬੰਦ ਕਰਵਾਇਆ ਗਿਆ, ਜਿਸ ਕਰਕੇ ਪਾਣੀ ਫਸਲਾਂ ’ਚੋਂ ਹੁੰਦਾ ਹੋਇਆ ਨੇੜਲੀਆਂ ਢਾਣੀਆਂ ਵਿੱਚ ਵੀ ਵੜ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪਾਣੀ ਕਰਕੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।