ਮਲਕੀਤ ਸਿੰਘ ਟੋਨੀ
ਜਲਾਲਾਬਾਦ, 16 ਜੁਲਾਈ
ਜਲਾਲਾਬਾਦ ਦੇ ਪਿੰਡ ਸਬਾਜ ਕੇ ਵਿੱਚ ਕੋਵਿਡ 19 ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਪੀਰ ਬਾਬਾ ਦੀ ਸਮਾਧ ’ਤੇ ਸਾਲਾਨਾ ਮੇਲਾ ਲਗਾਇਆ ਗਿਆ।
ਮੇਲੇ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਬਿਨਾਂ ਮਾਸਕ ਤੇ ਬਿਨਾਂ ਸਰੀਰਕ ਦੂਰੀ ਅਤੇ ਹੋਰ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਲੋਕਾਂ ਨੇ ਮੇਲੇ ਵਿੱਚ ਪਹੁੰਚ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਨਿਯਮਾਂ ਨੂੰ ਅੰਗੂਠਾ ਦਿਖਾਇਆ। ਲੋਕਾਂ ਨੂੰ ਕਰੋਨਾ ਮਹਾਂਮਾਰੀ ਦਾ ਕੋਈ ਡਰ ਨਹੀਂ ਸੀ ਅਤੇ ਬਹੁਤ ਹੀ ਘੱਟ ਲੋਕਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਬਾਕੀ ਹਦਾਇਤਾਂ ਦਾ ਵੀ ਪਾਲਣ ਨਹੀਂ ਕੀਤਾ ਜਾ ਰਿਹਾ ਸੀ। ਉਧਰ ਜਦੋਂ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ ਤਾਂ ਪੁਲੀਸ ਵੀ ਹਰਕਤ ਵਿੱਚ ਆ ਗਈ ਅਤੇ ਉਨ੍ਹਾਂ ਕਾਰਵਾਈ ਦੀ ਗੱਲ ਕਹੀ। ਥਾਣਾ ਸਦਰ ਜਲਾਲਾਬਾਦ ਦੇ ਮੁਖੀ ਨੇ ਕਿਹਾ ਕਿ ਮੇਲੇ ਬਾਰੇ ਉਨ੍ਹਾਂ ਨੂੰ ਰਿਪੋਰਟ ਆ ਗਈ ਹੈ ਅਤੇ ਉਹ ਮੇਲਾ ਕਮੇਟੀ ਮੈਂਬਰਾਂ ਅਤੇ ਹੋਰ ਆਯੋਜਕਾਂ ਉਤੇ ਪਰਚਾ ਦਰਜ ਕਰ ਰਹੇ ਹਨ।