ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਅਪਰੈਲ
ਅਰਨੀਵਾਲਾ ਮਾਈਨਰ ਵਿੱਚ ਕਰੀਬ 150 ਫੁੱਟ ਪਾੜ ਪੈਣ ਕਾਰਨ ਪਿੰਡ ਭੰਗਚੜ੍ਹੀ, ਮਹਾਂਬੱਧਰ ਤੇ ਅਰਨੀਵਾਲਾ ਦੇ 15 ਸੌ ਏਕੜ ਰਕਬੇ ਪਾਣੀ ਭਰ ਗਿਆ ਹੈ| ਜਾਣਕਾਰੀ ਅਨੁਸਾਰ ਇਹ ਪਾੜ ਰਾਤ ਕਰੀਬ 12 ਵਜੇ ਪਿਆ ਜਿਸ ਕਾਰਨ ਨਹਿਰ ਦੇ ਬੈੱਡ ਦਾ ਵੀ ਕਾਫ਼ੀ ਹਿੱਸਾ ਰੁੜ੍ਹ ਗਿਆ ਹੈ| ਪਿੰਡ ਭੰਗਚੜ੍ਹੀ ਦੇ ਹਰਜੀਤ ਸਿੰਘ, ਗੁਰਦਾਸ ਸਿੰਘ ਅਤੇ ਪਿੰਡ ਮਹਾਂਬੱਧਰ ਦੇ ਅਮੋਲਕ ਸਿੰਘ ਨੇ ਦੱਸਿਆ ਕਿ ਨਹਿਰ ਦੀ ਪਟੜੀ ਕਾਫ਼ੀ ਸਮੇਂ ਤੋਂ ਕਮਜ਼ੋਰ ਸੀ ਜਿਸ ਬਾਰੇ ਕਈ ਵਾਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਈ| ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਕਣਕ ਦੀ ਨਾੜ ਵੀ ਖੜ੍ਹੀ ਸੀ ਅਤੇ ਵੱਢੀ ਹੋਈ ਤੂੜੀ ਵੀ ਪਈ ਸੀ ਜੋ ਪਾਣੀ ਕਾਰਨ ਰੁੜ੍ਹ ਗਈ ਜਦਕਿ ਨਾੜ ਵੀ ਬਰਬਾਦ ਹੋ ਗਿਆ| ਪਾਣੀ ਭੰਗਚੜ੍ਹੀ ਸੜਕ ਟੱਪਕੇ ਖੇਤਾਂ ’ਚ ਭਰ ਗਿਆ ਹੈ। ਇਸ ਦੌਰਾਨ ਜੂਨੀਅਰ ਇੰਜੀਨੀਅਰ ਵਿਪੁਲ ਸਚਦੇਵਾ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਪਾਣੀ ਕੰਟਰੋਲ ਕੀਤਾ ਗਿਆ| ਉਨ੍ਹਾਂ ਦੱਸਿਆ ਕਿ ਦੋ ਘੰਟਿਆਂ ’ਚ ਪਾਣੀ ਕੰਟਰੋਲ ਹੋ ਗਿਆ ਸੀ| ਉਨ੍ਹਾਂ ਕਿਹਾ ਕਿ ਦੋ ਦਿਨਾਂ ’ਚ ਨਹਿਰ ਦੀ ਮੁਰੰਮਤ ਕਰ ਕੇ ਪਾਣੀ ਚਾਲੂ ਕਰ ਦਿੱਤਾ ਜਾਵੇਗਾ|