ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 7 ਅਕਤੂਬਰ
ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਮੈਨੇਜਮੈਂਟ ਰਾਮਪੁਰਾ ਫੂਲ ਵਿਖੇ ਕਾਲਜ ਬਚਾਓ ਕਮੇਟੀ ਵੱਲੋਂ 18 ਨੁਕਾਤੀ ਮੰਗਾਂ ਨੂੰ ਲੈ ਕੇ ਉਪ ਕੁਲਪਤੀ ਡਾ. ਅਰਵਿੰਦ ਨਾਲ ਮੁਲਾਕਾਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ, ਕਾਲਜ ਦੇ ਹੈੱਡ ਆਫ਼ ਡਿਪਾਰਟਮੈਂਟ ਡਾ. ਸੰਦੀਪ ਗੁਪਤਾ ਵੀ ਮੌਜੂਦ ਸਨ। ਵਾਈਸ ਚਾਂਸਲਰ ਨੇ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਕਾਲਜ ਮੁਖੀ ਦੀ ਨਿਯੁਕਤੀ ਕਰ ਦਿੱਤੀ ਹੈ ਅਤੇ ਦੋ ਕੋਰਸ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਇੱਕ ਸਾਲਾ) ਅਤੇ ਸਰਟੀਫਿਕੇਟ ਇਨ ਕੰਪਿਊਟਰ ਐਪਲੀਕੇਸਨ (ਛੇ ਮਹੀਨੇ) ਦੀ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਕੋਰਸਾਂ ਦੇ ਦਾਖ਼ਲੇ ਸੈਸ਼ਨ 2022-23 ਦੌਰਾਨ ਕੀਤੇ ਜਾਣਗੇ ਅਤੇ ਇਲਾਕੇ ਦੀ ਜਰੂਰਤ ਮੁਤਾਬਿਕ ਬਾਕੀ ਰਹਿੰਦੇ ਕੋਰਸ ਬੀ ਟੈੱਕ ਅਤੇ ਹੋਰ ਕੋਰਸ ਸੈਸ਼ਨ 2023-24 ਤੋਂ ਸ਼ੁਰੂ ਹੋ ਜਾਣਗੇ। ਕਾਲਜ ਬਚਾਓ ਕਮੇਟੀ ਵੱਲੋਂ ਸੁਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) , ਲੋਕਰਾਜ ਮਹਿਰਾਜ, ਜਗਸੀਰ ਸਿੰਘ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ), ਸਮਾਜ ਸੇਵੀ ਮਨਬੀਰ ਸਿੰਘ ਮੰਨਾ ਅਤੇ ਨੌਜਵਾਨ ਆਗੂ ਸੁਖਦੇਵ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ, ਘੁੱਦਰ ਸਿੰਘ ਮੈਂਬਰ ਪੰਚਾਇਤ ਮਹਿਰਾਜ, ਦਰਸ਼ਨ ਸਿੰਘ ਸਰਪੰਚ ਘੰਡਾਬੰਨਾ, ਗੁਰਜੰਟ ਸਿੰਘ ਸਰਪੰਚ ਸੇਲਬਰਾਹ ਅਤੇ ਰਾਵੇਲ ਸਿੰਘ ਸਰਪੰਚ ਗੁਰੂਸਰ ਆਦਿ ਨੇ ਮੰਗਾਂ ਤੇ ਤਸੱਲੀ ਪ੍ਰਗਟ ਕੀਤੀ।