ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 22 ਫਰਵਰੀ
ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਕੋਟਕਪੁਰਾ ਦੇ ਦਰਵਾਜ਼ੇ ’ਤੇ ਖੜ੍ਹੀ ਬੇਵੱਸ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਉਹ ਆਪਣੇ ਪੁੱਤ ਦੇ ਇਲਾਜ ਵਾਸਤੇ ਮਦਦ ਦੀ ਫ਼ਰਿਆਦ ਕਰ ਰਹੀ ਹੈ। ਉਸ ਨੂੰ ਆਸ ਹੈ ਕਿ ਸਕੂਲ ਵਿਚ ਦਾਖ਼ਲੇ ਮਗਰੋਂ ਭਾਰਤ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਦੇ ਇਲਾਜ ਲਈ ਦਿੱਤੀ ਜਾਂਦੀ ਮੁਫ਼ਤ ਇਲਾਜ ਸਹੂਲਤ ਮਿਲ ਜਾਵੇਗੀ ਤੇ ਉਸ ਦਾ ਬੱਚਾ ਤੰਦਰੁਸਤ ਹੋ ਜਾਵੇਗਾ।
ਦਲਜੀਤ ਕੌਰ (35) ਨੇ ਦੱਸਿਆ ਕਿ 2008 ’ਚ ਉਸ ਦੇ ਪਤੀ ਦੀ ਕੀੜੇਮਾਰ ਦਵਾਈ ਦੇ ਛਿੜਕਾਅ ਕਰਨ ਦੌਰਾਨ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵਿੱਚ ਦੋ ਲੜਕੇ ਤੇ ਇੱਕ ਲੜਕੀ ਹੈ। ਉਸ ਦਾ 18 ਸਾਲ ਦਾ ਬੇਟਾ ਸਕੂਲ ਦੀ 9ਵੀਂ ਜਮਾਤ ਵਿਚ ਪੜ੍ਹਦਾ ਸੀ ਪਰ ਉਸ ਨੂੰ ਬਲੱਡ ਕੈਂਸਰ ਹੋ ਗਿਆ। ਉਹ ਆਪਣੇ ਪੁੱਤ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਲੈ ਗਈ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀਜੀਆਈ ਤੋਂ ਉਸ ਨੂੰ ਦਿੱਲੀ ਭੇਜ ਦਿੱਤਾ ਗਿਆ। ਆਪਣੇ ਪੁੱਤ ਦੇ ਇਲਾਜ ’ਤੇ ਉਹ ਦੋ ਲੱਖ ਰੁਪਏ ਖ਼ਰਚ ਕਰ ਚੁੱਕੀ ਹੈ ਤੇ ਹੁਣ ਉਸ ਕੋਲ ਇਲਾਜ ਲਈ ਹੋਰ ਪੈਸੇ ਨਹੀਂ ਬਚੇ।
ਇਸ ਸਬੰਧੀ 9ਵੀਂ ਜਮਾਤ ਦੇ ਇੰਚਾਰਜ ਸੁਨੀਤਾ ਰਾਣੀ ਨੇ ਦੱਸਿਆ ਕਿ ਬੱਚਾ ਦੇਵ ਕਰੋਨਾ ਮਹਾਮਾਰੀ ਮਗਰੋਂ ਸਕੂਲ ਨਹੀਂ ਆਇਆ। ਉੱਚ ਅਧਿਕਾਰੀਆਂ ਦੀ ਹਦਾਇਤ ’ਤੇ ਰਿਕਾਰਡ ਵਿੱਚੋਂ ਦੇਵ ਦਾ ਨਾਂ ਕੱਟ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਸਕੂਲ ਪ੍ਰਿੰਸੀਪਲ ਦੀ ਹਦਾਇਤ ’ਤੇ ਹੀ ਦੁਬਾਰਾ ਬੱਚੇ ਨੂੰ ਸਕੂਲ ’ਚ ਦਾਖ਼ਲ ਕਰ ਸਕਦੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫ਼ਰੀਦਕੋਟ ਸੱਤਪਾਲ ਸਿੰਘ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਉਹ ਪ੍ਰਿੰਸੀਪਲ ਨਾਲ ਇਸ ਬਾਰੇ ਗੱਲ ਕਰਨਗੇ ਕਿ ਦੇਵ ਨੂੰ ਮੈਡੀਕਲ ਗਰਾਊਂਡ ’ਤੇ ਸਕੂਲ ਵਿਚ ਦਾਖ਼ਲ ਕੀਤਾ ਜਾ ਸਕਦਾ ਹੈ ਜਾਂ ਨਹੀਂ।