ਨਿਜੀ ਪੱਤਰ ਪ੍ਰੇਰਕ
ਮੋਗਾ, 3 ਮਾਰਚ
ਧਰਮਕੋਟ ਨੇੜਲੇ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਕਰੀਬ 12 ਦਿਨ ਪਹਿਲਾਂ ਨਹਿਰ’ਚ ਡੁੱਬਣ ਨਾਲ ਨੌਜਵਾਨ ਸਰਬਜੀਤ ਸਿੰਘ ਪਿੰਡ ਬਹਾਦਰਕੇ ਜ਼ਿਲ੍ਹਾ ਲੁਧਿਆਣਾ ਦੀ ਮੌਤ ਨੇ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਨੂੰ ਉਸਦੀ ਪਤਨੀ ਦੇ ਪ੍ਰੇਮੀ ਉੱਤੇ ਦੋ ਸਾਥੀਆਂ ਨਾਲ ਨਹਿਰ ਦੇ ਪਾਣੀ ’ਚ ਡੁਬੋ ਡੁਬੋ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਡੀਐੱਸਪੀ ਧਰਮਕੋਟ ਸ਼ੁਬੇਗ ਸਿੰਘ ਨੇ ਦੱਸਿਆ ਕਿ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਬੀਤੀ 18 ਫ਼ਰਵਰੀ ਨੂੰ ਸਰਬਜੀਤ ਸਿੰਘ ਪਿੰਡ ਬਹਾਦਰਕੇ ਜ਼ਿਲ੍ਹਾ ਲੁਧਿਆਣਾ ਦੀ ਨਹਿਰ ਵਿੱਚੋਂ ਲਾਸ਼ ਮਿਲੀ ਸੀ ਤੇ ਉਸਦਾ ਮੋਟਰਸਾਈਕਲ ਨਹਿਰ ਕਿਨਾਰੇ ਖੜ੍ਹਾ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਧਾਰਾ 174 ਸੀਆਰਪੀਸੀ ਤਹਿਤ ਪੋਸਟ ਮਾਰਟਮ ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ। ਮ੍ਰਿਤਕ ਦਾ ਇਸ ਵਰ੍ਹੇ ਦੀ 7 ਫ਼ਰਵਰੀ ਨੂੰ ਵਿਆਹ ਹੋਇਆ ਸੀ। ਪੋਸਟ ਮਾਰਟਮ ਰਿਪੋਰਟ ਮਗਰੋਂ ਥਾਣਾ ਧਰਮਕੋਟ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ ਦੀ ਅਗਵਾਈ ਹੇਠ ਟੀਮ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਦੇ ਜਰਨੈਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਊਸਾਹਿਬ ਜ਼ਿਲ੍ਹਾ ਜਲੰਧਰ ਨਾਲ ਪ੍ਰੇਮ ਸਬੰਧ ਸਨ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਮੁਤਾਬਕ ਉਸਦੀ ਨੂੰਹ 17 ਫ਼ਰਵਰੀ ਨੂੰ ਪੇਕੇ ਚਲੀ ਗਈ ਸੀ। ਇਸ ਦੌਰਾਨ ਉਸਦੇ ਲੜਕੇ ਨੂੰ ਮੁਲਜ਼ਮਾਂ ਨੇ 500 ਰੁਪਏ ਐਡਵਾਂਸ ਦੇ ਕੇ ਉਸਨੂੰ ਆਲੂ ਪੁੱਟਣ ਦੀ ਮਜ਼ਦੂਰੀ ਬਹਾਨੇ ਸੱਦ ਲਿਆ ਗਿਆ। ਮੁਲਜ਼ਮ ਜਰਨੈਲ ਸਿੰਘ ਨੇ ਆਪਣੇ ਦੋ ਸਾਥੀਆਂ ਰਾਜਵੀਰ ਸਿੰਘ ਪਿੰਡ ਭੋਡੇ ਜ਼ਿਲ੍ਹਾ ਜਲੰਧਰ ਅਤੇ ਛਿੰਦੀ ਸਿੰਘ ਪਿੰਡ ਕੋਟਲਾ ਭਾਗੂ ਜ਼ਿਲ੍ਹਾ ਜਲੰਧਰ ਨਾਲ ਮਿਲ ਕੇ ਨੌਜਵਾਨ ਸਰਬਜੀਤ ਸਿੰਘ ਨੂੰ ਨਹਿਰ ਵਿੱਚ ਡੁਬੋ ਡੁਬੋ ਕੇ ਹੱਤਿਆ ਕਰ ਦਿੱਤੀ ਗਈ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਕਰਕੇ ਸਰਬਜੀਤ ਸਿੰਘ ਦਾ ਮੋਟਰਸਾਈਕਲ ਵੀ ਨਹਿਰ ਉੱਤੇ ਖੜ੍ਹਾ ਕਰ ਦਿੱਤਾ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਜਰਨੈਲ ਸਿੰਘ ਤੇ ਉਸਦੇ ਇੱਕ ਸਾਥੀ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅੱਲੜ ਉਮਰ ਦੇ ਨੌਜਵਾਨ ਵੱਲੋਂ ਖੁਦਕੁਸ਼ੀ
ਮਲੋਟ (ਨਿੱਜੀ ਪੱਤਰ ਪ੍ਰੇਰਕ) ਇਥੇ ਪਿੰਡ ਬੁਰਜ ਸਿੱਧਵਾਂ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਸਮਤਾ ਆਸ਼ਰਮ ਦੇ ਨੇੜੇ ਸ਼ਮਸ਼ੇਰ ਦੀ ਢਾਣੀ ਵਿੱਚ ਇੱਕ ਕਰੀਬ 24 ਸਾਲ ਦੇ ਨੌਜਵਾਨ ਨੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਨਾਂ ਦਾ ਇਹ ਨੌਜਵਾਨ ਆਪਣੇ ਨਾਨਕੇ ਘਰ ਮਾਮਾ ਮਾਮੀ ਕੋਲ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਲੜਕੇ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਤੇ ਮਾਂ ਵੀ ਇਸ ਘਰ ਵਿੱਚ ਰਹਿੰਦੀ ਸੀ। ਖਬਰ ਲਿਖੇ ਜਾਣ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟਮਾਟਰਮ ਲਈ ਲਿਆਂਦਾ ਗਿਆ ਹੈ। ਇਸ ਸਬੰਧੀ ਮਲੋਟ ਸਿਟੀ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਬਰ-ਜਨਾਹ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ) ਥਾਣਾ ਸਦਰ ਪੁਲੀਸ ਨੇ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸਆਈ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਭੰਬਾ ਵੱਟੂ ਉਤਾੜ ਦੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 27 ਫਰਵਰੀ ਨੂੰ ਉਹ ਆਪਣੇ ਘਰ ਦਾ ਕਿਰਆਨੇ ਵਾਲੀ ਦੁਕਾਨ ਤੋਂ ਸੌਦਾ ਲੈ ਕੇ ਵਾਪਸ ਘਰ ਜਾ ਰਹੀ ਸੀ ਤਾਂ ਕਰਨਦੀਪ ਵਾਸੀ ਭੰਬਾ ਵੱਟੂ ਹਿਠਾੜ ਉਸਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਘਰ ਤੋਂ ਥੋੜ੍ਹਾ ਦੂਰ ਕਿਸੇ ਖਾਲੀ ਪਏ ਕਮਰੇ ਵਿੱਚ ਲੈ ਗਿਆ ਜਿਥੇ ਉਸਨੇ ਉਸ ਨਾਲ ਬਲਾਤਕਾਰ ਕੀਤਾ। ਪੁਲੀਸ ਨੇ ਦੋਸ਼ੀ ਖ਼ਿਲਾਫ਼ ਧਾਰਾ 376 ਅਧੀਨ ਕੇਸ ਦਰਜ ਕਰ ਲਿਆ ਹੈ ।