ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਸਤੰਬਰ
ਫ਼ਤਹਿਗੜ੍ਹ ਕੋਰੋਟਾਣਾ ਵਿਚ ਕੂੜੇ ਦੇ ਢੇਰ ਤੋਂ ਮਿਲੀ ਨਵਜੰਮੀ ਬੱਚੀ ਨੂੰ ਸਿਵਲ ਹਸਪਤਾਲ ਮੋਗਾ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਬਿਲਕੁਲ ਤੰਦਰੁਸਤ ਹੈ। ਥਾਣਾ ਧਰਮਕੋਟ ਪੁਲੀਸ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਕਿਹਾ ਕਿ ਸਬ-ਇੰਸਪੈਕਟਰ ਮੇਜਰ ਸਿੰਘ ਦੀ ਜਾਣਕਾਰੀ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 307/201 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੱਜ ਤੜਕੇ ਪਿੰਡ ਫ਼ਤਹਿਗੜ੍ਹ ਕੋਰੋਟਾਣਾ (ਧਰਮਕੋਟ) ਵਿਚ ਇਕ ਔਰਤ ਰੂੜੀ ਉੱਤੇ ਘਰ ਦਾ ਗੋਹਾ ਕੂੜਾ ਸੁੱਟਣ ਗਈ ਤਾਂ ਉਥੇ ਉਸ ਨੂੰ ਲਿਫਾਫੇ ’ਚ ਲਪੇਟੀ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਰੂੜੀ ਦੇ ਢੇਰ ਉੱਪਰ ਨਵਜੰਮੀ ਬੱਚੀ ਜਿਉਂਦੀ ਪਈ ਸੀ। ਪਿੰਡ ਦੀਆਂ ਔਰਤਾਂ ਨੇ ਬੱਚੀ ਨੂੰ ਕੂੜੇ ਦੇ ਢੇਰ ਵਿਚੋਂ ਕੱਢ ਕੇ ਨੁਹਾਇਆ। ਫ਼ਰਮਾਸਿਸਟ ਜਗਸੀਰ ਸਿੰਘ, ਏਐੱਨਐੱਮ ਗੁਰਜੀਤ ਕੌਰ, ਸੁਖਜੀਤ ਕੌਰ, ਕਮਲਜੀਤ ਕੌਰ ਨੇ ਬੱਚੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਮਗਰੋਂ ਸਿਵਲ ਹਸਪਤਾਲ ਮੋਗਾ ਵਿਚ ਦਾਖ਼ਲ ਕਰਵਾਇਆ।