ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ
ਮੁਕਤਸਰ-ਕੋਟਕਪੂਰਾ ਮੁੱਖ ਮਾਰਗ ’ਤੇ ਤੂੜੀ ਨਾਲ ਭਰੇ ਓਵਰਲੋਡ ਟਰੈਕਟਰ-ਟਰਾਲੀ ਅਤੇ ਕਾਰ ਦੀ ਟੱਕਰ ਹੋਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਵਿੱਚ ਸ਼ਰਾਬ ਦੀ ਠੇਕੇਦਾਰੀ ਕਰਦਾ ਕੰਵਰਵਰਿੰਦਰਜੀਤ ਪਾਲ ਸਿੰਘ ਆਪਣੀ ਕਾਰ ਵਿੱਚ ਕੋਟਕਪੂਰਾ ਤੋਂ ਮੁਕਤਸਰ ਵੱਲ ਆ ਰਿਹਾ ਸੀ ਕਿ ਪਿੰਡ ਚੜ੍ਹੇਵਾਨ ਦੇ ਕੋਲ ਤੂੜੀ ਨਾਲ ਭਰੀ ਟਰਾਲੀ ਕਾਰਨ ਉਸਦੀ ਕਾਰ ਦਾ ਐਕਸੀਡੈਂਟ ਹੋ ਗਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਸਦਰ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੁਰਘਟਨਾ ਲਈ ਟਰੈਕਟਰ ਚਾਲਕ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰਟੌਲ ਦੇ ਚੜ੍ਹਤ ਸਿੰਘ ਖਿਲਾਫ਼ ਬਿਨਾਂ ਪਰਮਿਟ ਵਾਹਨ ਚਲਾਉਣ ਅਤੇ ਅਣਗਹਿਲੀ ਦੇ ਦੋਸ਼ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।