ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 2 ਅਗਸਤ
ਸਦਰ ਪੁਲੀਸ ਫ਼ਰੀਦਕੋਟ ਨੇ ਪਿੰਡ ਘੁਗਿਆਣਾ ਦੇ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਬਣ ਕੇ ਕਥਿਤ ਤੌਰ ’ਤੇ ਪਿੰਡ ਦੇ ਇੱਕ ਪਰਿਵਾਰ ਤੋਂ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੇ ਆਪਣੇ ਹੀ ਪਿੰਡ ਦੇ ਵਸਨੀਕ ਜਗਦੀਪ ਸਿੰਘ ਨੂੰ ਤਿੰਨ ਪੱਤਰ ਭੇਜ ਕੇ ਧਮਕੀ ਦਿੱਤੀ ਸੀ ਕਿ ਉਹ ਲਾਰੈਂਸ ਬਿਸ਼ਨੋਈ ਲਈ ਫਿਰੋਤੀਆਂ ਵਸੂਲਦਾ ਹੈ ਅਤੇ ਜੇ ਉਸ ਨੇ ਇੱਕ ਲੱਖ ਰੁਪਏ ਦੀ ਫਿਰੌਤੀ ਨਾ ਦਿੱਤੀ ਤਾਂ ਉਹ ਜਗਦੀਪ ਸਿੰਘ ਦੇ ਇਕਲੌਤੇ ਲੜਕੇ ਦਾ ਕਤਲ ਕਰ ਦੇਵੇਗਾ। ਪੀੜਤ ਪਰਿਵਾਰ ਨੇ ਇਸ ਦੀ ਸੂਚਨਾ ਸਦਰ ਪੁਲੀਸ ਫ਼ਰੀਦਕੋਟ ਨੂੰ ਦਿੱਤੀ। ਸਦਰ ਫ਼ਰੀਦਕੋਟ ਦੇ ਐੱਸ.ਐੱਚ.ਓ ਇੰਸਪੈਕਟਰ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੁਖਪ੍ਰੀਤ ਸਿੰਘ ਵਾਸੀ ਘੁਗਿਆਣਾ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਸੁਖਪ੍ਰੀਤ ਸਿੰਘ ਨੂੰ ਪੁਲੀਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ।