ਨਿੱਜੀ ਪੱਤਰ ਪ੍ਰੇਰਕ
ਮਲੋਟ, 3 ਫਰਵਰੀ
ਪਿੰਡ ਖੁੰਡੇ ਹਲਾਲ ਵਿੱਚ ਰਾਸ਼ਨ ਡਿੱਪੂ ’ਤੇ ਕਣਕ ਦੀ ਵੰਡ ਸਮੇਂ ਪਹਿਲਾਂ ਕਰੋਨਾ ਵੈਕਸੀਨ ਲਾਉਣ ਅਤੇ ਉਸ ਤੋਂ ਬਾਅਦ ਹੀ ਕਣਕ ਵੰਡਣ ਦੇਣ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਗਿਆ। ਲੋਕਾਂ ਦੇ ਵਿਰੋਧ ਤੋਂ ਬਾਅਦ ਵੈਕਸੀਨ ਲਾਉਣ ਵਾਲੇ ਡਾਕਟਰਾਂ ਦੀ ਟੀਮ ਰਾਸ਼ਨ ਡਿੱਪੂ ਵਾਲੀ ਥਾਂ ਤੋਂ ਚਲੇ ਗਈ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਇਕ ਪਾਸੇ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਵੱਲੋਂ ਕਰੋਨਾ ਵੈਕਸੀਨ ਲਵਾਉਣਾ ਹਰ ਇਕ ਨਾਗਰਿਕ ਦੀ ਨਿੱਜੀ ਮਰਜ਼ੀ ’ਤੇ ਨਿਰਭਰ ਹੈ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ’ਤੇ ਜਬਰੀ ਵੈਕਸੀਨ ਲਾਉਣ ਲਈ ਡਰਾਵਾ ਦਿੱਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਲੋਕਾਂ ਤੇ ਜਬਰੀ ਵੈਕਸੀਨ ਲਾਉਣ ਦਾ ਇਹ ਤਰੀਕਾ ਨਾ ਬੰਦ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਵੱਡੀ ਪੱਧਰ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਸ ਜਬਰ ਦੇ ਖ਼ਿਲਾਫ਼ ਮੁਹਿੰਮ ਵਿੱਢੀ ਜਾਵੇਗੀ ।ਇਸ ਮੌਕੇ ਕਰਨਾ ਸਿੰਘ, ਇਕਬਾਲ ਸਿੰਘ ਦੀਪ ਸਿੰਘ,ਪੱਪੂ ਸਿੰਘ ,ਸਿਮਰਜੀਤ ਕੌਰ ,ਸੁਖਪ੍ਰੀਤ ਕੌਰ, ਪਰਮਜੀਤ ਕੌਰ,ਸੋਮਾ ਕੌਰ ਸ਼ਾਮਲ ਸਨ। ਉਧਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹੀ ਰਾਸ਼ਨ ਡਿਪੂਆਂ ’ਤੇ ਕਣਕ ਦੀ ਵੰਡ ਤੋਂ ਪਹਿਲਾਂ ਵੈਕਸੀਨ ਲਵਾਈ ਜਾ ਰਹੀ ਹੈ।