ਪੱਤਰ ਪ੍ਰੇਰਕ
ਮਾਨਸਾ, 7 ਅਗਸਤ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਚ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੇਸ਼ੱਕ ‘ਆਪ’ ਨਾਲ ਗੱਠਜੋੜ ਸਬੰਧੀ ਕੋਈ ਰਸਮੀ ਗੱਲਬਾਤ ਸ਼ੁਰੂ ਨਹੀ ਹੋਈ, ਪਰ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਰਾਜ ਪ੍ਰਬੰਧ ਦੇਣ ਲਈ ਰਵਾਇਤੀ ਕਾਂਗਰਸ ਤੇ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਤੀਜਾ ਮੋਰਚਾ ਜ਼ਰੂਰੀ ਹੈ। ਉਹ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਢੀਂਡਸਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਲੁੱਟਿਆ ਹੀ ਨਹੀਂ, ਬਲਕਿ ਅਜਿਹੇ ਫ਼ੈਸਲੇ ਅਤੇ ਨੀਤੀਆਂ ਘੜੀਆਂ ਹਨ ਕਿ ਸੂਬਾ ਬਦਹਾਲੀ ਦੀ ਕਗਾਰ ’ਤੇ ਹੈ।
ਉਨ੍ਹਾਂ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਲੋਚਨਾ ਕਰਦੇ ਕਿਹਾ ਕਿ ਉਹ ਲੁਭਾਵਣੇ ਵਾਅਦੇ ਕਰ ਰਹੇ ਹਨ ਜੋ ਪੂਰੇ ਹੋਣੇ ਸੰਭਵ ਨਹੀਂ। ਸ੍ਰੀ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਵੀ ਜਲਦੀ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣਗੇ।