ਪੱਤਰ ਪ੍ਰੇਰਕ
ਲੰਬੀ, 27 ਜੁਲਾਈ
ਸੌ ਫ਼ੀਸਦੀ ਮੀਂਹ ਪ੍ਰਭਾਵਿਤ ਪਿੰਡ ਮਿੱਡਾ ਵਿੱਚ ਕਰੀਬ 13 ਸਾਲਾ ਲੜਕਾ ਓਵਰਫਲੋਅ ਸੇਮ ਨਾਲੇ ’ਚ ਡੁੱਬ ਗਿਆ। ਗੋਤਾਖੋਰਾਂ ਦੀਆਂ ਟੀਮਾਂ ਸੇਮ ਨਾਲੇ ਵਿੱਚੋਂ ਲੜਕੇ ਹਰਪ੍ਰੀਤ ਸਿੰਘ ਉਰਫ਼ ਕਾਕਾ ਦੀ ਲਾਸ਼ ਭਾਲਣ ’ਚ ਜੁਟੀਆਂ ਹੋਈਆਂ ਹਨ। ਘਟਨਾ ਸਮੇਂ ਮ੍ਰਿਤਕ ਲੜਕੇ ਦੀ ਭੈਣ ਰੇਖਾ ਸੇਮ ਨਾਲੇ ਕੰਢੇ ਕੱਪੜੇ ਧੋ ਰਹੀ ਸੀ। ਉਸੇ ਦੌਰਾਨ ਹਰਪ੍ਰੀਤ ਸਿੰਘ ਵੀ ਉਸ ਦੇ ਨਾਲ ਸੀ। ਅਚਨਚੇਤ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸੇਮ ਨਾਲੇ ਵਿੱਚ ਡਿੱਗ ਪਿਆ। ਰੇਖਾ ਨੂੰ ਭਰਾ ਦੇ ਡੁੱਬਣ ਦੀ ਸੋਝੀ ਆਉਣ ਤੱਕ ਹਰਪ੍ਰੀਤ ਸੇਮ ਨਾਲੇ ਦੇ ਓਵਰ ਫਲੋਅ ਪਾਣੀ ਦੀ ਲਪੇਟ ‘ਚ ਆ ਚੁੱਕਿਆ ਸੀ। ਪਿੰਡ ਮਿੱਡਾ ਦੇ ਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਪ੍ਰੀਤ ਸਿੰਘ ਦੇ ਪਿਤਾ ਬਿੱਟੂ ਰਾਮ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਮਜ਼ਦੂਰੀ ਕਰਕੇ ਦੋ ਪੁੱਤਰਾਂ ਅਤੇ ਇੱਕ ਧੀ ਨੂੰ ਪਾਲਦੀ ਆ ਰਹੀ ਹੈ। ਪੰਚ ਨੇ ਦੱਸਿਆ ਕਿ ਸੁਧਾਰ ਕਮੇਟੀ ਮਿੱਡਾ ਦੇ ਸਹਿਯੋਗ ਨਾਲ ਗੋਤਾਖੋਰ ਟੀਮ ਲਾਸ਼ ਦੀ ਭਾਲ ’ਚ ਜੁਟੀ ਹੋਈ ਹੈ। ਥਾਣਾ ਕਬਰਵਾਲਾ ਦੇ ਮੁਖੀ ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਟੀਮ ਮੌਕੇ ’ਤੇ ਗਈ ਹੋਈ ਹੈ।