ਪੱਤਰ ਪ੍ਰੇਰਕ
ਮਾਨਸਾ, 22 ਅਕਤੂਬਰ
ਅੱਜ ਇਥੇ ਗਊ ਰੱਖਿਆ ਸੇਵਾ ਦਲ ਨੇ ਬੁੱਚੜਖਾਨੇ ਲਿਜਾਇਆ ਜਾ ਰਿਹਾ ਬਲਦਾਂ ਨਾਲ ਭਰਿਆ ਇੱਕ ਟਰੱਕ ਪੁਲੀਸ ਨੂੰ ਫੜਾਇਆ ਹੈ। ਇਸ ਟਰੱਕ ਵਿੱਚ 14 ਪਸ਼ੂ ਲੱਦੇ ਹੋਏ ਸਨ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਟਰੱਕ ਚਾਲਕ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਰਾਸ਼ਟਰੀ ਗਊ ਰੱਖਿਆ ਸੇਵਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ, ਹਨੀ ਸ਼ਾਸਤਰੀ ਪਾਤੜਾਂ, ਕਾਲਾ ਰਾਮ, ਵਿੱਕੀ ਕੰਬੋਜ, ਪ੍ਰਦੀਪ ਕੁਮਾਰ ਅਤੇ ਵਿਨੋਦ ਗਰਗ ਨੇ ਦੱਸਿਆ ਕਿ ਸਰਦੀ ਦੇ ਦਿਨਾਂ ਵਿੱਚ ਇਸ ਖੇਤਰ ’ਚ ਪਸ਼ੂ ਤਸਕਰੀ ਆਰੰਭ ਹੋ ਜਾਂਦੀ ਹੈ। ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ, ਜਿਸ ਦੌਰਾਨ 14 ਬਲਦਾਂ ਨਾਲ ਭਰਿਆ ਇਹ ਟਰੱਕ ਸੁਨਾਮ ਤੋਂ ਲੈਕੇ ਵਾਇਆ ਮਾਨਸਾ ਹੋ ਕੇ ਹਰਿਆਣਾ ਦੇ ਮੇਵਾਤ ਵਿੱਚ ਲਿਜਾਇਆ ਜਾ ਰਿਹਾ ਸੀ।