ਪੱਤਰ ਪ੍ਰੇਰਕ
ਭੁੱਚੋ ਮੰਡੀ, 29 ਅਕਤੂਬਰ
ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਨਵ-ਨਿਯੁਕਤ ਐੱਸਐੱਮਓ ਡਾ: ਅੰਜੂ ਕਾਂਸਲ ਅਤੇ ਸਟਾਫ਼ ਨਾਲ ਮੀਟਿੰਗ ਕਰ ਕੇ ਸਿਹਤ ਸਹੂਲਤਾਂ ਅਤੇ ਹਸਪਤਾਲ ਦੀ ਇਮਾਰਤ ਵਿਚਲੀਆਂ ਕਮੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਲਦੀ ਹੀ ਹਸਪਤਾਲ ਦੀ ਇਮਾਰਤ ਦਾ ਨਵੀਨੀਕਰਨ ਸ਼ੁਰੂ ਕੀਤਾ ਜਾਵੇਗਾ ਅਤੇ ਹਸਪਤਾਲ ਵਿੱਚ ਡਾਕਟਰਾਂ, ਸਟਾਫ਼ ਅਤੇ ਮਸ਼ੀਨਰੀ ਦੀ ਘਾਟ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹਸਪਤਾਲ ਨੂੰ ਇਲਾਕੇ ਦਾ ਸਰਵੋਤਮ ਹਸਪਤਾਲ ਬਣਾਇਆ ਜਾਵੇਗਾ। ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਸਟਾਫ਼ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਡਾ: ਵਿਕਾਸ ਗੁਪਤਾ, ‘ਆਪ’ ਆਗੂ ਅਨਿਲ ਬਾਂਸਲ, ਰਾਜੀਵ ਸਿੰਗਲਾ ਹਾਜ਼ਰ ਸਨ।