ਲਖਵਿੰਦਰ ਸਿੰਘ
ਮਲੋਟ, 10 ਅਕਤੂਬਰ
ਪਿੰਡ ਸਾਉਂਕੇ ਵਿਖੇ ਹਫਤਾ ਪਹਿਲਾਂ ਵਿਆਹੇ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਬੂਟਾ ਸਿੰਘ ਦੇ ਬਜ਼ੁਰਗ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਇਕਲੌਤੇ ਪੁੱਤ ਦਾ ਹਫਤਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਕੱਲ੍ਹ ਹੀ ਉਹ ਦੁਪਿਹਰੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਤੋਂ ਵਾਪਸ ਆਏ ਸਨ।
ਸ਼ਾਮ ਨੂੰ ਪੰਜ ਕੁ ਵਜੇ ਰਾਮਨਗਰ ਦੇ ਵਸਨੀਕ ਉਸ ਦੇ ਜਾਣਕਾਰ ਸੁਭਾਸ਼ ਕੁਮਾਰ ਅਤੇ ਜਸਪਿੰਦਰ ਸਿੰਘ ਉਸ ਨੂੰ ਘਰੋਂ ਸੱਦ ਕੇ ਲੈ ਗਏ, ਜਦ ਉਨ੍ਹਾਂ ਕੁੱਝ ਸਮੇਂ ਬਾਅਦ ਬੂਟਾ ਸਿੰਘ ਨੂੰ ਫੋਨ ਕੀਤਾ ਤਾਂ ਉਸ ਨਾਲ ਉਨ੍ਹਾਂ ਦੀ ਗੱਲ ਨਹੀਂ ਹੋਈ, ਪਤਾ ਲੱਗਣ ‘ਤੇ ਜਦ ਉਹ ਘਟਨਾ ਸਥਾਨ ’ਤੇ ਪਹੁੰਚੇ ਤਾਂ ਉਕਤ ਦੋਨੋਂ ਵਿਅਕਤੀ ਉਸ ਦੇ ਸਿਰ ਵਿੱਚ ਪਾਣੀ ਪਾ ਰਹੇ ਸਨ ਅਤੇ ਉਸ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕਰ ਰਹੇ ਸਨ, ਉਸ ਨੇ ਕਿਹਾ ਕਿ ਉਸ ਦੇ ਪੁੱਤ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮਾਰਿਆ ਗਿਆ ਹੈ ਜਿਸ ਉਪਰੰਤ ਉਹ ਉਸਨੂੰ ਉਥੋਂ ਚੁੱਕ ਕੇ ਮਲੋਟ ਸਰਕਾਰੀ ਹਸਪਤਾਲ ਵਿਚ ਲਿਆਏ, ਜਿਥੋਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ।
ਉਹ ਉਸ ਨੂੰ ਨੇੜੇ ਸਥਿਤ ਸ਼ਹਿਰ ਗਿੱਦੜਬਾਹਾ ਹਸਪਤਾਲ ਵਿਚ ਲੈ ਗਏ, ਜਿਥੋਂ ਨਾਜ਼ੁਕ ਸਥਿਤੀ ਕਾਰਨ ਡਾਕਟਰਾਂ ਨੇ ਬਠਿੰਡਾ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿਚ ਉਸ ਦੀ ਮੌਤ ਹੋ ਗਈ।
ਇਸ ਸਬੰਧ ਵਿੱਚ ਥਾਣਾ ਸਦਰ ਪੁਲੀਸ ਨੇ ਉਕਤ ਦੋਨੋਂ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।