ਮੌੜ ਮੰਡੀ (ਪੱਤਰ ਪ੍ਰੇਰਕ): ਨਗਰ ਕੌਂਸਲ ਦੀ ਅੱਜ ਚੋਣਾਂ ਭਾਵੇਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈਆਂ, ਪ੍ਰੰਤੂ ਪ੍ਰਸ਼ਾਸਨਕ ਅਫਸਰਾਂ ਵਿਰੁੱਧ ਆਦਮੀ ਪਾਰਟੀ ਅਤੇ ਅਜਾਦ ਉਮੀਦਵਾਰਾਂ ਨੇ ਉਸ ਸਮੇਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਦੋਂ ਪ੍ਰਸ਼ਾਸਨਕ ਅਧਿਕਾਰੀਆਂ ਨੇ ਵੋਟਿੰਗ ਮਸ਼ੀਨਾਂ ਦੀ ਰਖਵਾਲੀ ਉਮੀਦਵਾਰਾਂ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ। ਇਸ ਮੌਕੇ ‘ਆਪ’ ਆਗੂ ਸੁਖਵੀਰ ਮਾਈਸਰਖਾਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਹੋਈ ਵੋਟ ਪੋਲਿੰਗ ਤੋਂ ਬੁਖਲਾਈ ਕਾਂਗਰਸ ਸ਼ਰੇਆਮ ਧੱਕੇਸਾਹੀ ਕਰ ਰਹੀ ਹੈ। ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਹੈਪੀ ਨੇ ਕਿਹਾ ਕਿ ਈਵੀਐੱਮ ਵੋਟਿੰਗ ਮਸ਼ੀਨਾਂ ਦੀ ਰਖਵਾਲੀ ਲਈ ਪਹਿਰੇਦਾਰੀ ਲਈ ਉਮੀਦਵਾਰਾਂ ਨੂੰ ਸਾਂਝੇ ਰੂਪ ’ਚ ਆਗਿਆ ਦਿੱਤੀ ਜਾਵੇ ਤੇ ਪ੍ਰਦਰਸ਼ਨਕਾਰੀ ਨਿਗਾਰਨੀ ਲਈ ਕੈਮਰਿਆਂ ਦਾ ਪ੍ਰਬੰਧ ਕਰਨ ਲਈ ਅੜੇ ਹੋਏ ਸਨ। ਇਸ ਸਮੇਂ ਹਾਜ਼ਰ ਲੋਕਾਂ ਨੇ ਚੋਣ ਅਮਲੇ ਵਿਰੁੱਧ ਭਰਵੀਂ ਨਾਅਰੇਬਾਜ਼ੀ ਕਰਦਿਆਂ ਧੱਕੇਸ਼ਾਹੀ ਰੋਕਣ ਦੀ ਜ਼ੋਰਦਾਰ ਮੰਗ ਕੀਤੀ। ਗੁੱਸੇ ਆਏ ਲੋਕਾਂ ਨੇ ਦੇਰ ਸਾਮ ਤੋਂ ਧਰਨਾ ਲਾ ਦਿੱਤਾ ਜੋ ਕਿ ਖ਼ਬਰ ਲਿਖਣ ਤੱਕ ਜਾਰੀ ਸੀ।