ਪੱਤਰ ਪ੍ਰੇਰਕ
ਟੱਲੇਵਾਲ, 30 ਅਗਸਤ
ਪੱਖੋ-ਕੈਂਚੀਆਂ ਵਿੱਚ ਕਿਸਾਨ ਹੱਟ ਦਾ ਉਦਘਾਟਨ ਕਰਨ ਪੁੱਜੇ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਖਿਆ ਹੈ ਕਿ 2022 ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਜਲਦ ਐਲਾਨਿਆ ਜਾਵੇਗਾ ਅਤੇ ਪਾਰਟੀ ਦੇ ਵਰਕਰਾਂ ਦੀ ਮੰਗ ਅਨੁਸਾਰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇਗਾ। ਇਸ ਲਈ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਸਰਵੇਖਣ ਕਰਵਾਇਆ ਜਾ ਰਿਹਾ ਹੈ। ਵਿਧਾਇਕ ਪੰਡੋਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ’ਚ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਹੈ ਅਤੇ ਭ੍ਰਿਸ਼ਟਾਚਾਰ ਦਾ ਰੌਲਾ ਪਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਭ੍ਰਿਸ਼ਟ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੀ ਪੱਗ ਦਾ ਲੜ ਬਣਾ ਲਿਆ ਹੈ। ਸੁਖਬੀਰ ਬਾਦਲ ਦਾ 100 ਦਿਨ ਦਾ ਦੌਰਾ ਵੀ ਡਰਾਮੇਬਾਜ਼ੀ ਹੈ, ਕਿਉਂਕਿ ਆਪਣੇ ਰਾਜ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਨੂੰ ਲੁੱਟਿਆ ਹੈ। ਇਸ ਮੌਕੇ ਸੰਗਰੂਰ ਦੀ ਜ਼ਿਲ੍ਹਾ ਯੂਥ ਪ੍ਰਧਾਨ ਨਰਿੰਦਰ ਕੌਰ ਭਰਾਜ ਅਤੇ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਉਹੀ ਹੋਣਾ ਚਾਹੀਦਾ ਹੈ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਗਾਇਆ ਹੈ ਅਤੇ ਆਮ ਘਰਾਂ ਵਾਲਿਆਂ ਨੂੰ ਅੱਗੇ ਲਿਆਂਦਾ ਹੈ। ਉਨ੍ਹਾਂ ਸਿੱਧੇ ਤੌਰ ’ਤੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੀ ਹੋਣਾ ਚਾਹੀਦਾ ਹੈ।