ਰਵਿੰਦਰ ਰਵੀ
ਬਰਨਾਲਾ, 12 ਮਾਰਚ
ਅੱਜ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕ੍ਰਿਟੀਕਲ ਕੇਅਰ ਸੈਂਟਰ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੂਬਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਬਰਨਾਲਾ ਲਈ 54 ਕਰੋੜ 88 ਲੱਖ 74 ਹਜ਼ਾਰ ਰੁਪਏ, ਸੰਗਰੂਰ ਲਈ 49 ਕਰੋੜ 21 ਲੱਖ 94 ਹਜ਼ਾਰ ਅਤੇ ਮਾਲੇਰਕੋਟਲਾ ਲਈ 26 ਕਰੋੜ 60 ਲੱਖ 60 ਹਜ਼ਾਰ ਰੁਪਏ ਪਾਸ ਕਰਵਾਏ ਹਨ ਪਰ ਸੂਬਾ ਸਰਕਾਰ ਇਨ੍ਹਾ ਪ੍ਰਾਜੈਕਟਾਂ ਦਾ ਸਿਹਰਾ ਖੁਦ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਬਰਨਾਲਾ ਦੇ ਸਿਵਲ ਸਰਜਨ ਹਰਿੰਦਰ ਸ਼ਰਮਾ ਨੂੰ ਬਕਾਇਦਾ ਸੂਚਿਤ ਕੀਤਾ ਗਿਆ ਸੀ ਕਿ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕ੍ਰਿਟੀਕਲ ਕੇਅਰ ਸੈਂਟਰ ਦਾ ਜਾਇਜ਼ਾ ਲੈਣ ਲਈ ਆਉਣਗੇ ਪਰ ਸਿਵਲ ਸਰਜਨ ਬਰਨਾਲਾ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਮੈਨੂੰ ਕੁੱਝ ਨਹੀਂ ਪਤਾ। ਸ੍ਰੀ ਮਾਨ ਨੇ ਆਪਣੇ ਵੱਲੋਂ ਕੇਂਦਰ ਸਰਕਾਰ ’ਚ ਸਿਹਤ ਮੰਤਰੀ ਮਨਸੁੱਖ ਮਾਂਡਵੀਆਂ ਨੂੰ ਲਿਖੀਆਂ ਚਿੱਠੀਆਂ ਅਤੇ ਮਾਂਡਵੀਆਂ ਵੱਲੋਂ ਭੇਜੀ ਚਿੱਠੀ ਵੀ ਪੱਤਰਕਾਰਾਂ ਨੂੰ ਦਿਖਾਈ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਨਾਲਾ ’ਟ ਕ੍ਰਿਟੀਕਲ ਕੇਅਰ ਸੈਂਟਰ ਬਣਨ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਵੱਲੋਂ ਕੀਤੀ ਕੁਤਾਹੀ ਸਬੰਧੀ ਉਹ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ।