ਜਸਵੰਤ ਜੱਸ
ਫਰੀਦਕੋਟ, 27 ਜੂਨ
ਅੱਜ ਇੱਥੇ ਡੈਮੋਕਰੈਟਿਕ ਟੀਚਰਜ਼ ਫਰੰਟ ਫਰੀਦਕੋਟ ਨੇ ਵਿਸ਼ੇਸ਼ ਇਕੱਤਰਤਾ ਕਰਕੇ ‘ਆਪ’ ਦੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਲੇਠਾ ਵਿੱਤੀ-ਬਜਟ ਮੁਲਾਜ਼ਮ ਵਿਰੋਧੀ ਤੇ ਮੋਦੀ ਹਕੂਮਤ ਦੀ ਨਵੀਂ ਸਿੱਖਿਆ ਨੀਤੀ 2020 ਦੀਆਂ ਨਿੱਜੀਕਰਨ ਪੱਖੀ ਕਰਾਰ ਦਿੱਤਾ।
ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੰਜਾਬ ਦੇ ਅਧਿਆਪਕ ਹਿੱਤਾਂ ਅਤੇ ਉਚੇਰੇ ਵਿੱਦਿਅਕ ਮਿਆਰਾਂ ਲਈ ਕੋਈ ਮੱਦ ਨਹੀਂ ਹੈ। ਜਨਰਲ ਸਕੱਤਰ ਗਗਨ ਪਾਹਵਾ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਰਾਜ ਸੱਤਾ ਹਾਸਲ ਕਰਨ ਲਈ ਅਧਿਆਪਕ ਵਰਗ ਨਾਲ਼ ਕੀਤੇ ਵਾਅਦਿਆਂ ਨੂੰ ਬਜਟ ਵਿੱਚ ਮੂਲੋਂ ਹੀ ਅੱਖੋਂ-ਪਰੋਖੇ ਹੀ ਕਰ ਦਿੱਤਾ ਗਿਆ ਹੈ।
ਜਥੇਬੰਦੀ ਦੇ ਆਗੂਆਂ ਪਰਦੀਪ ਸਿੰਘ, ਸੁਰਿੰਦਰ ਪੁਰੀ, ਹਰਜਸਦੀਪ ਸਿੰਘ, ਲਵਕਰਨ ਸਿੰਘ, ਦੀਪਕ ਆਹੂਜਾ, ਹਰਵਿੰਦਰ ਸਿੰਘ ਬਰਾੜ, ਕਰਨਵੀਰ ਸਿੰਘ ਝੱਖੜਵਾਲਾ, ਕੁਲਦੀਪ ਸਿੰਘ ਘਣੀਆ ਨੇ ਕਿਹਾ ਕਿ ‘ਆਪ’ ਵੱਲੋਂ ਆਪਣੇ ਚੋਣ-ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਇਸ ਬਜਟ ਵਿੱਚ ਪੈਨਸ਼ਨ ਬਹਾਲੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਦਕਿ ਠੇਕੇ ’ਤੇ ਭਰਤੀ ਕੀਤੇ ਅਧਿਆਪਕਾਂ/ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਬਾਰੇ ਸਾਜ਼ਿਸ਼ੀ ਚੁੱਪ ਵੱਟੀ ਹੈ, ਨਾ ਹੀ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਪੇਂਡੂ ਭੱਤੇ ਸਮੇਤ 27 ਕਿਸਮ ਦੇ ਭੱਤੇ ਬਹਾਲ ਕਰਨ ਬਾਰੇ ਕੋਈ ਮੱਦ ਲਿਆਂਦੀ ਗਈ ਹੈ। ਅਧਿਆਪਕ ਆਗੂਆਂ ਹੱਕਾਂ ਦੀ ਪੂਰਤੀ ਲਈ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ ਹੈ।
‘ਔਰਤਾਂ ਦੇ ਖਾਤੇ ’ਚ ਹਜ਼ਾਰ-ਹਜ਼ਾਰ ਰੁਪਏ ਨਹੀਂ ਪਾਏ’
ਸ੍ਰੀ ਮੁਕਤਸਰ ਸਾਹਿਬ(ਨਿੱਜੀ ਪੱਤਰ ਪ੍ਰੇਰਕ): ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਸਕੱਤਰ ਸੁਰਿੰਦਰ ਸੇਤੀਆ ਨੇ ਬਜਟ ਤੇ ਪ੍ਰਤੀਕਰਮ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਇਸ ਬਜਟ ਵਿੱਚ ਪੈਨਸ਼ਨ ਬਹਾਲੀ ਅਤੇ ਠੇਕੇ ’ਤੇ ਭਰਤੀ ਕੀਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਦੇਣ ਸਬੰਧੀ ਸਾਜਿਸ਼ੀ ਚੁੱਪ ਵੱਟੀ ਹੈ। ਇਸ ਮੌਕੇ ਲੈਕਚਰਾਰ ਗੁਰਜੀਤ ਸੋਢੀ, ਪਰਮਿੰਦਰ ਖੋਖਰ, ਚਰਨਜੀਤ ਸਿੰਘ, ਤਜਿੰਦਰ ਸਿੰਘ, ਹਰਬੰਸ ਲਾਲ, ਪਰਮਿੰਦਰ ਹਰੀਕੇ ਤੇ ਜਗਦੀਪ ਬਿੱਟੂ ਆਦਿ ਅਧਿਆਪਕ ਆਗੂ ਵੀ ਮੌਜੂਦ ਸਨ।