ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਅਪਰੈਲ
ਨਗਰ ਪੰਚਾਇਤ ਮਲੂਕਾ ਦੇ ਪ੍ਰਧਾਨ ਤੇ ਉਨ੍ਹਾਂ ਦੇ ਸਾਥੀ ਕੌਂਸਲਰਾਂ ਨੇ ‘ਆਪ’ ਆਗੂਆਂ ’ਤੇ ਨਗਰ ਪੰਚਾਇਤ ਦਫ਼ਤਰ ਦੇ ਮੁੱਖ ਗੇਟ ਦਾ ਜਿੰਦਰਾ ਬਦਲਣ ਤੇ ਚੌਕੀਦਾਰ ਬਦਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਉੱਚ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਰਖਾਸਤਾਂ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ ਤਾ ਕਿ ਨਗਰ ਪੰਚਾਇਤ ਦਾ ਕੰਮ ਨਿਰਵਿਘਨ ਚੱਲ ਸਕੇ। ਨਗਰ ਪੰਚਾਇਤ ਦੇ ਪ੍ਰਧਾਨ ਮਨਜਿੰਦਰ ਕੌਰ ਢਿਲੋਂ, ਮੀਤ ਪ੍ਰਧਾਨ ਅੰਗਰੇਜ਼ ਸਿੰਘ, ਸਿਕੰਦਰ ਸਿੰਘ, ਕੁਲਵਿੰਦਰ ਕੌਰ, ਨੀਟੂ ਕੌਰ, ਕੁਲਜੀਤ ਕੌਰ ਤੇ ਵੀਰਪਾਲ ਕੌਰ (ਸਾਰੇ ਕੌਂਸਲਰ), ਜੋ ਕਾਂਗਰਸ ਪਾਰਟੀ ਨਾਲ ਹਨ, ਨੇ ਭੇਜੀਆਂ ਦਰਖਾਸਤਾਂ ’ਚ ਕਿਹਾ ਹੈ ਕਿ ਬੀਤੇ ਦਿਨੀਂ ਨਗਰ ਪੰਚਾਇਤ ਦਫ਼ਤਰ 5 ਵਜੇ ਬੰਦ ਹੋਣ ਤੋਂ ਬਾਅਦ ਰੋਜ ਦੀ ਤਰ੍ਹਾਂ ਨਗਰ ਪੰਚਾਇਤ ਦਾ ਚੌਕੀਦਾਰ ਦੇਰ ਸ਼ਾਮ ਜਦੋਂ ਆਪਣੀ ਡਿਊਟੀ ’ਤੇ ਗਿਆ ਤਾਂ ਦਫ਼ਤਰ ਦੇ ਮੁੱਖ ਗੇਟ ਦਾ ਜਿੰਦਰਾ ਬਦਲਿਆ ਹੋਇਆ ਸੀ। ਇਸ ਸਬੰਧੀ ਚੌਕੀਦਾਰ ਵੱਲੋਂ ਪ੍ਰਧਾਨ ਦੇ ਪਤੀ ਜਗਸੀਰ ਸਿੰਘ ਢਿੱਲੋਂ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਮਾਮਲਾ ਪੁਲੀਸ ਦੇ ਧਿਆਨ ’ਚ ਲਿਆਂਦਾ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ‘ਆਪ’ ਆਗੂਆਂ ਨੇ ਕਥਿਤ ਨਗਰ ਪੰਚਾਇਤ ਦਾ ਚੌਕੀਦਾਰ ਵੀ ਬਦਲ ਦਿੱਤਾ। ਪ੍ਰਧਾਨ ਮਨਜਿੰਦਰ ਕੌਰ ਢਿਲੋਂ ਤੇ ਬਾਕੀ ਕੌਂਸਲਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਪੁਲੀਸ ਮੁਖੀ, ਡੀਸੀ ਬਠਿੰਡਾ, ਡਾਇਰੈਕਟਰ ਸਥਾਨਕ ਸਰਕਾਰਾਂ ਸਣੇ ਅੱਧੀ ਦਰਜਨ ਹੋਰ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਤੋਂ ਨਗਰ ਪੰਚਾਇਤ ਦੇ ਕੰਮਕਾਜ ’ਚ ਵਿਘਨ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਕੇ ਇਨਸਾਫ ਦੀ ਮੰਗ ਕੀਤੀ ਹੈ।
ਇਸੇ ਦੌਰਾਨ ‘ਆਪ’ ਦੇ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ‘ਆਪ’ ਦੇ ਕਿਸੇ ਵੀ ਸਮਰਥਕ ਨੂੰ ਕਾਨੂੰਨ ਹੱਥ ’ਚ ਲੈਣ ਦੀ ਆਗਿਆ ਨਹੀਂ ਹੈ।
ਝੂਠਾ ਕੇਸ ਰੱਦ ਕਰਵਾਉਣ ਲਈ ਵਫ਼ਦ ਮਿਲਿਆ
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਹੜਤਾਲ ਦੌਰਾਨ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਖ਼ਿਲਾਫ਼ ਸਿਰਸਾ ਪੁਲੀਸ ਵੱਲੋਂ ਦਰਜ ਕੀਤੇ ਗਏ ਪਰਚੇ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦਾ ਵਫ਼ਦ ਅੱਜ ਐੱਸਪੀ ਡਾ. ਅਰਪਿਤ ਜੈਨ ਨੂੰ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇ ਕਿਸਾਨ ਆਗੂ ਖ਼ਿਲਾਫ਼ ਦਰਜ ਕੇਸ ਨੂੰ ਰੱਦ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਆਗੂਆਂ ਨਾਲ ਰਲ ਕੇ ਤਿੱਖਾ ਅੰਦੋਲਨ ਕੀਤਾ ਜਾਵੇਗਾ।