ਪੱਤਰ ਪ੍ਰੇਰਕ
ਟੱਲੇਵਾਲ, 14 ਮਈ
ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਾਂਝੀ ਸਹਿਕਾਰੀ ਸਭਾ ਵਿੱਚ ਸੈਕਟਰੀ ਵੱਲੋਂ ਕੀਤੇ ਗਏ ਕਰੋੜਾਂ ਦੇ ਘਪਲੇ ਦੇ ਮਾਮਲੇ ਵਿੱਚ ਪਿੰਡ ਦੇ ਪੀੜਤ ਲੋਕਾਂ ਦਾ ਸੁਸਾਇਟੀ ਵਿੱਚ ਕਰੀਬ ਤਿੰਨ ਮਹੀਨਿਆਂ ਤੋਂ ਧਰਨਾ ਜਾਰੀ ਹੈ। ਇਸ ਧਰਨੇ ਵਿੱਚ ਹਲਕਾ ਮਹਿਲ ਕਲਾਂ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪਹੁੰਚੇ, ਜਿਨ੍ਹਾਂ ਅੱਗੇ ਪਿੰਡ ਵਾਸੀਆਂ ਨੇ ਇਨਸਾਫ਼ ਲਈ ਮੰਗ ਕੀਤੀ। ਇਸ ਮੌਕੇ ਧਰਨਾਕਾਰੀ ਪੀੜਤ ਲੋਕਾਂ ਨੇ ਵਿਧਾਇਕ ਨੂੰ ਕਿਹਾ ਕਿ ਇਸ ਘੁਟਾਲੇ ਮਾਮਲੇ ਵਿੱਚ ਜਾਂਚ ਬਹੁਤ ਠੰਢੀ ਚੱਲ ਰਹੀ ਹੈ। ਅਜੇ ਤੱਕ ਸਿਰਫ਼ ਸੁਸਾਇਟੀ ਦੇ ਸੈਕਟਰੀ ਨੂੰ ਹੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ ਮਾਮਲੇ ਵਿੱਚ ਮੁਲਜ਼ਮ ਹੋਰ ਅਧਿਕਾਰੀ ਸ਼ਾਮਲ ਤੱਕ ਨਹੀਂ ਕੀਤੇ ਗਏ। ਇਸ ਲਈ ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਜਾਂਚ ਵਿੱਜ ਤੇਜ਼ੀ ਲਿਆਉਣ, ਪੀੜਤ ਲੋਕਾਂ ਦੇ ਖਾਤੇ ਜਲਦ ਤੋਂ ਜਲਦ ਕਲੀਅਰ ਕਰਨ ਅਤੇ ਮੁਲਜ਼ਮ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ। ਉਥੇ ਵਿਧਾਇਕ ਪੰਡੋਰੀ ਨੇ ਦੋਵੇਂ ਪਿੰਡਾਂ ਦੇ ਪੀੜਤ ਲੋਕਾਂ ਨੂੰ ਜਲਦ ਇਸ ਮਾਮਲੇ ਵਿੱਚ ਇਨਸਾਫ਼ ਦਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਫ਼ੌਜੀ, ਬੂਟਾ ਸਿੰਘ, ਜਗਮੋਹਣ ਸਿੰਘ ਮੱਲ੍ਹੀ, ਗੁਰਚਰਨ ਸਿੰਘ, ਗੋਬਿੰਦਰ ਸਿੰਘ ਸਿੱਧੂ, ਬਿੰਦਰ ਸਿੰਘ ਖਾਲਸਾ ਪੀਏ, ਪ੍ਰਿਤਪਾਲ ਸਿੰਘ ਮਾਨ, ਨਾਇਬ ਸਿੰਘ ਪੱਖੋਕੇ ਆਦਿ ਵੀ ਹਾਜ਼ਰ ਸਨ।
ਵਿਧਾਇਕ ਨੇ ਮਹਿਲ ਕਲਾਂ ਵਿੱਚ ਨੀਂਹ ਪੱਥਰ ਰੱਖੇ
ਮਹਿਲ ਕਲਾਂ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਅੱਜ ਮਹਿਲ ਕਲਾਂ ਖੇਤਰ ਵਿੱਚ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖੇ ਗਏ। ਹਲਕਾ ਵਿਧਾਇਕ ਵੱਲੋਂ ਮਹਿਲ ਕਲਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਦਾ ਨੀਂਹ ਪੱਥਰ, ਪਿੰਡ ਕਿਰਪਾਲ ਸਿੰਘ ਵਾਲਾ ਵਿੱਚ 5 ਲੱਖ ਦੀ ਲਾਗਤ ਨਾਲ ਬਣਨ ਵਾਲੇ ਸ਼ਮਸ਼ਾਨਘਾਟ ਦੇ ਸ਼ੈੱਡ ਅਤੇ ਬੱਸ ਸਟੈਂਡ ਦੇ ਨੀਂਹ ਪੱਥਰ ਰੱਖੇ ਗਏ। ਵਿਧਾਇਕ ਪੰਡੋਰੀ ਵੱਲੋਂ ਪਿੰਡ ਛਾਪਾ ਤੋਂ ਮਿੱਠੇਵਾਲ ਲਈ ਬਣਨ ਵਾਲੀ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।