ਪੱਤਰ ਪ੍ਰੇਰਕ
ਟੱਲੇਵਾਲ, 4 ਅਕਤੂਬਰ
ਪਿੰਡ ਦੀਵਾਨਾ ’ਚ ਕੁਝ ਦਿਨ ਪਹਿਲਾਂ ਪੰਚਾਇਤ ਅਤੇ ਕੁੱਝ ਨੌਜਵਾਨਾਂ ਦਰਮਿਆਨ ਹੋਏ ਲੜਾਈ ਦੇ ਮਾਮਲੇ ਸਬੰਧੀ ਪਿੰਡ ਦੇ ਕੁੱਝ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਪੁਤਲਾ ਸਾੜ ਦੇ ਰੋਸ ਜਤਾਇਆ ਗਿਆ। ਰੋਸ ਜਤਾਉਣ ਵਾਲੇ ਲੋਕ ਮਾਮਲੇ ’ਚ ਨਾਮਜ਼ਦ ਨੌਜਵਾਨਾਂ ਦੇ ਪਰਿਵਾਰ ਮੈਂਬਰ ਹਨ। ਪ੍ਰਦਰਸ਼ਨਕਾਰੀ ਪ੍ਰੀਤਮ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਭਜਨ ਸਿੰਘ, ਚਰਨਜੀਤ ਕੌਰ, ਮਨਜੀਤ ਕੌਰ, ਗੁਰਮੀਤ ਕੌਰ ਅਤੇ ਪ੍ਰੀਤਮ ਕੌਰ ਆਦਿ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਪੁੱਤਰਾਂ ਦੀ ਲੜਾਈ ਪਿੰਡ ਦੀ ਇਕ ਧਿਰ ਨਾਲ ਹੋ ਗਈ, ਜਿਸ ਦੌਰਾਨ ਹਲਕੇ ਦਾ ਵਿਧਾਇਕ ਹੁੰਦਿਆਂ ਕੁਲਵੰਤ ਪੰਡੋਰੀ ਨੇ ਦੋਵੇਂ ਧਿਰਾਂ ਨੂੰ ਸਮਝੌਤੇ ਕਰਵਾ ਕੇ ਮਾਮਲੇ ਦਾ ਨਬਿੇੜਾ ਕਰਵਾਉਣਾ ਚਾਹੀਦਾ ਸੀ ਪਰ ਉਕਤ ਵਿਧਾਇਕ ਵਲੋਂ ਉਨ੍ਹਾਂ ਦੇ ਨੌਜਵਾਨ ਲੜਕਿਆਂ ’ਤੇ ਕਾਰਵਾਈ ਹਿੱਤ ਪੁਲੀਸ ਉਪਰ ਦਬਾਅ ਪਾਇਆ ਗਿਆ।
ਉਧਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ’ਤੇ ਲੱਗੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਵਲੋਂ ਕਿਸੇ ਵੀ ਧਿਰ ਦਾ ਪੱਖ ਨਹੀਂ ਪੁੂਰਿਆ ਗਿਆ। ਉਹ ਖ਼ੁਦ ਇਸ ਲੜਾਈ ਨੂੰ ਨਿਪਟਾ ਕੇ ਦੋਵੇਂ ਧਿਰਾਂ ਦਾ ਸਮਝੌਤਾ ਕਰਵਾਉਣ ਲਈ ਤਿਆਰ ਹਨ।