ਬਲਜੀਤ ਸਿੰਘ
ਸਰਦੂਲਗੜ੍ਹ, 29 ਜੁਲਾਈ
ਕਾਰਗਿਲ ਸ਼ਹੀਦ ਨਿਰਮਲ ਸਿੰਘ ਕੁਸਲਾ ਦੀ ਬਿਰਧ ਮਾਤਾ ਜੋ ਮਜ਼ਦੂਰੀ ਕਰਨ ਲਈ ਮਜਬੂਰ ਹੈ। ਮਾਤਾ ਦੀ ਆਰਥਿਕ ਮਦਦ ਕਰਨ ਪਹੁੰਚੀ ਆਮ ਆਦਮੀ ਪਾਰਟੀ ਦੀ ਟੀਮ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਰਗਿਲ ਸ਼ਹੀਦ ਦੀ ਮਾਤਾ ਨੂੰ ਪਿੰਡ ’ਚੋਂ ਗਾਇਬ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਗਾਇਕਾ ਅਨਮੋਲਗਗਨ ਮਾਨ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਸਮੇਤ ਪਿੰਡ ਕੁਸਲਾ ਵਿੱਚ ਨਿਰਮਲ ਸਿੰਘ ਕੁਸਲਾ ਦੇ ਗ੍ਰਹਿ ਵਿਖੇ ਉਸ ਦੀ ਵਿੱਤੀ ਮਾਤਾ ਦੀ ਮਦਦ ਕਰਨ ਅਤੇ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੀ ਪਰ ਆਗੂਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਰਗਿਲ ਸ਼ਹੀਦ ਦੀ ਮਾਤਾ ਜੰਗੀਰ ਕੌਰ ਨੂੰ ਪਿੰਡ ਦੇ ਸਰਪੰਚ ਵੱਲੋਂ ਪਹਿਲਾਂ ਹੀ ਘਰੋਂ ਗਾਇਬ ਕਰ ਦਿੱਤਾ ਗਿਆ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਮਾਤਾ ਨੂੰ ਇਹ ਕਹਿ ਕੇ ਘਰੋਂ ਲੈ ਗਿਆ ਸੀ ਕਿ ਉਸ ਨੂੰ ਦਵਾਈ ਦਿਵਾ ਕੇ ਲਿਆਉਣੀ ਹੈ। ‘ਆਪ’ ਦੀ ਆਈ ਟੀਮ ਵੱਲੋਂ ਅਨਮੋਲ ਗਗਨ ਮਾਨ ਦੀ ਹਾਜ਼ਰੀ ਵਿੱਚ ਮਾਤਾ ਦੀ ਲੜਕੀ ਨੂੰ 20 ਹਜ਼ਾਰ ਰੁਪਏ ਦਿੱਤੇ ਗੲੈ ਅਤੇ ਕਾਰਗਿਲ ਸ਼ਹੀਦ ਨਿਰਮਲ ਸਿੰਘ ਕੁਸਲਾ ਦੇ ਪਿੰਡ ਵਿੱਚ ਸਥਾਪਤ ਕੀਤੇ ਗਏ ਸ਼ਹੀਦ ਦੇ ਬੁੱਤ ਉੱਤੇ ਸ਼ੈੱਡ ਬਣਾਉਣ ਲਈ 5100 ਰੁਪਏ ਦਿੱਤੇ ਗਏ। ਇਸ ਦੌਰਾਨ ਸੰਬੋਧਨ ਕਰਦਿਆਂ ‘ਆਪ’ ਆਗੂ ਅਨਮੋਲ ਗਗਨ ਮਾਨ, ਸੁਖਵਿੰਦਰ ਸਿੰਘ ਭੋਲਾ ਮਾਨ, ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਸਾਨੂੰ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨਾ ਸਾਡਾ ਪਹਿਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਮਾਤਾ ਨੂੰ ਮਿਲ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਅਤੇ ਆਰਥਿਕ ਮਦਦ ਕਰਨ ਆਏ ਸਨ ਪਰ ਕਿਸੇ ਵਿਅਕਤੀ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੀ ਪਿੰਡ ਵਿੱਚੋਂ ਗਾਇਬ ਕਰ ਦਿੱਤਾ ਗਿਆ ਇਸ ਲਈ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਉਹ ਕਾਰਗਿਲ ਸ਼ਹੀਦ ਦੀ ਮਾਤਾ ਨੂੰ ਮਿਲ ਨਹੀਂ ਸਕੇ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਮਾਤਾ ਸਨਮਾਨਯੋਗ ਹੈ। ਜੇਕਰ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਮਾਪੇ ਇਸ ਤਰ੍ਹਾਂ ਸਿਰਾਂ ’ਤੇ ਟੋਕਰੀਆਂ ਚੁੱਕ ਕੇ ਗਲੀਆਂ ਵਿੱਚ ਰੁਲਣ ਤਾਂ ਸਾਡੀਆਂ ਸਰਕਾਰਾਂ ਨੂੰ ਲੱਖ ਲਾਹਨਤ ਹੈ। ‘ਆਪ’ ਵੱਲੋਂ ਪਿੰਡ ਬਾਜੇਵਾਲਾ ਵਿੱਚ ਦਸਵੀਂ ਕਲਾਸ ’ਚੋਂ ਪੁਜ਼ੀਸ਼ਨ ਹਾਸਲ ਕਰਨ ਵਾਲੀ ਲੜਕੀ ਜਸਪ੍ਰੀਤ ਕੌਰ ਨੂੰ ਵੀ 5100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਟੀਮ ਦੇ ਦੌਰੇ ਤੋਂ ਅਣਜਾਣ ਸੀ: ਸਰਪੰਚ
ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ ਕਿ ਅੱਜ ਕੋਈ ਮਾਤਾ ਜੀ ਦਾ ਸਨਮਾਨ ਕਰਨ ਲਈ ਆ ਰਿਹਾ ਹੈ। ਉਹ ਰੁਟੀਨ ਦੀ ਤਰ੍ਹਾਂ ਮਾਤਾ ਜੀ ਨੂੰ ਨਾਲ ਲੈ ਕੇ ਉਨ੍ਹਾਂ ਦਾ ਬੈਂਕ ਅਕਾਊਂਟ ਸਹੀ ਕਰਵਾਉਣ ਅਤੇ ਉਸ ਤੋਂ ਬਾਅਦ ਮਾਤਾ ਜੀ ਦੇ ਕੰਨਾਂ ਦੀ ਮਸ਼ੀਨ ਲਗਾਉਣ ਲਈ ਡਾਕਟਰ ਕੋਲ ਚਲੇ ਗਏ ਸਨ। ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਮਾਤਾ ਦਾ ਸਨਮਾਨ ਕਰਨ ਲਈ ਕਿਸੇ ਨੇ ਆਉਣਾ ਹੈ ਤਾਂ ਉਨ੍ਹਾਂ ਪ੍ਰੋਗਰਾਮ ਇੱਕ ਦਿਨ ਲੇਟ ਰੱਖ ਲੈਣਾ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਇਸ ਗੱਲ ਨੂੰ ਤੂਲ ਦੇ ਰਹੇ ਹਨ ਜਦੋਂਕਿ ਉਹ ਸੁਭਾਵਿਕ ਹੀ ਮਾਤਾ ਜੀ ਦਾ ਖਾਤਾ ਸਹੀ ਕਰਾਉਣ ਅਤੇ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਲੈ ਕੇ ਗਏ ਸਨ।