ਰਾਮਪੁਰਾ ਫੂਲ: ਸ਼ਹਿਰ ਦੀ ਸੀਵਰੇਜ ਸਿਸਟਮ ਦੀ ਸਮੱਸਿਆ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਸਮੱਸਿਆ, ਮੀਂਹ ਦੇ ਪਾਣੀ ਦੀ ਨਿਕਾਸੀ ਤੋਂ ਇਲਾਵਾ ਟੁੱਟੀਆਂ ਸੜਕਾਂ ਪਿਛਲੇ ਪੰਜ ਸਾਲਾਂ ਦੀ ਸਰਕਾਰੀ ਬੇਰੁਖੀ ਦੀ ਗਵਾਹੀ ਭਰ ਰਹੀਆਂ ਹਨ। ਪੰਜਾਬ ਦੀ ਸਿਆਸੀ ਤਬਦੀਲੀ ਨਾਲ ‘ਆਪ’ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਆਪ’ ਵਾਲੰਟੀਅਰਾਂ ਨੇ ਰਾਮਪੁਰਾ ਤੋਂ ਫੂਲ ਕਸਬੇ ਤੱਕ ਸੜਕ ’ਤੇ ਪਏ ਖੱਡਿਆਂ ਨੂੰ ਵਿਧਾਇਕ ਦੇ ਪੀਏ ਸੀਰਾ ਮੱਲੂਆਣਾ ਦੀ ਅਗਵਾਈ ਹੇਠ ਭਰਿਆ। ਭਾਵੇਂ ਕਿ ਇਹ ਸੜਕ ਕੌਮੀ ਮਾਰਗ ਦਾ ਇੱਕ ਹਿੱਸਾ ਹੋਣ ਕਾਰਨ ਸਾਰੀ ਸੜਕ ਨਵੇਂ ਸਿਰੇ ਤੋਂ ਬਣਨੀ ਹੈ ਤੇ ਇਸੇ ਕਾਰਨ ਇਸ ਦਾ ਕੰਮ ਲਟਕ ਰਿਹਾ ਹੈ। ਇਸੇ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ ਇਸ ਸੜਕ ਦੇ ਖੱਡਿਆਂ ਨੂੰ ‘ਆਪ’ ਵਾਲੰਟੀਅਰਾਂ ਨੇ ਖੁਦ ਭਰਿਆਂ ਤੇ ਮੁਰੰਮਤ ਕਰਕੇ ਸੜਕ ’ਤੇ ਆਵਾਜਾਈ ਨੂੰ ਬਹਾਲ ਕਰਵਾਇਆ। ਹਲਕੇ ਵਿੱਚ ਇਸ ਦੀ ਖੂਬ ਚਰਚਾ ਹੋ ਰਹੀ ਹੈ। -ਪੱਤਰ ਪ੍ਰੇਰਕ