ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਸਤੰਬਰ
ਪਿੰਡ ਸੱਦੋਵਾਲ ਵਿੱਚ ਅੱਜ ਸਵੇਰੇ ਮਾਂ-ਧੀ ਨੂੰ ਕਾਰ ਸਵਾਰਾਂ ਵੱਲੋਂ ਅਗਵਾ ਕਰ ਲਿਆ ਗਿਆ। ਇਸ ਸਬੰਧੀ ਥਾਣਾ ਟੱਲੇਵਾਲ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਪਰ ਅਗਵਾਹ ਹੋਣ ਦੇ ਕਈ ਘੰਟਿਆਂ ਬਾਅਦ ਵੀ ਪੁਲੀਸ ਉਨ੍ਹਾਂ ਨੂੰ ਲੱਭਣ ਵਿੱਚ ਨਾਕਾਮ ਰਹੀ। ਪ੍ਰਦੀਪ ਸਿੰਘ ਵਾਸੀ ਸੱਦੋਵਾਲ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਿਤਪਾਲ ਕੌਰ ਆਪਣੀ ਛੇ ਸਾਲ ਦੀ ਧੀ ਨੂੰ ਫੇਰੂਰਾਈਂ ਵਾਲੇ ਰਸਤੇ ’ਤੇ ਸਕੂਲ ਵਾਲੀ ਬੱਸ ਚੜ੍ਹਾਉਣ ਗਈ ਸੀ, ਜਿੱਥੇ ਕਾਰ ਸਵਾਰ ਵਰੁਣ ਨਾਮੀ ਵਿਅਕਤੀ ਅਤੇ ਉਸ ਦੇ ਦੋ ਹੋਰ ਅਣਪਛਾਤੇ ਸਾਥੀਆਂ ਨੇ ਉਸ ਦੀ ਪਤਨੀ ਅਤੇ ਧੀ ਨੂੰ ਅਗਵਾ ਕਰ ਲਿਆ। ਉਸ ਨੇ ਅਗਵਾ ਕਰਨ ਦੀ ਰੰਜਿਸ਼ ਸਬੰਧੀ ਦੱਸਿਆ ਕਿ ਉਸ ਦੀ ਪਤਨੀ ਪਿੰਡ ਹਿੰਮਤਪੁਰਾ ’ਚ ਡਿਊਟੀ ਕਰਦੀ ਸੀ, ਜਿੱਥੇ ਅਗਵਾ ਕਰਨ ਵਾਲੇ ਵਰੁਣ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ, ਜਿਸ ਸਬੰਧੀ ਮੋਗਾ ਜ਼ਿਲ੍ਹੇ ਵਿੱਚ ਮਾਮਲਾ ਵੀ ਦਰਜ ਹੈ। ਇਸੇ ਕੇਸ ਵਿੱਚ 21 ਸਤੰਬਰ ਨੂੰ ਪੇਸ਼ੀ ਮੌਕੇ ਉਸ ਦੀ ਪਤਨੀ ਦੇ ਬਿਆਨ ਅਦਾਲਤ ਵਿੱਚ ਦਰਜ ਹੋਣੇ ਹਨ, ਜਿਸ ਕਰਕੇ ਇਸ ਵਿਅਕਤੀ ਨੇ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਅੱਗੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਥਾਣਾ ਟੱਲੇਵਾਲ ਦੇ ਮੁਖੀ ਮੁਨੀਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਦੀਪ ਸਿੰਘ ਦੇ ਬਿਆਨ ਦਰਜ ਕਰਕੇ ਵਰੁਣ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਧਾਰਾ 365, 34 ਆਈਪੀਸੀ ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਂ-ਧੀ ਦੀ ਭਾਲ ਲਈ ਲਗਾਤਾਰ ਪੁਲੀਸ ਦੇ ਯਤਨ ਜਾਰੀ ਹਨ।