ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਮਈ
ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਵੱਲੋਂ ਸਰਕਾਰੀ ਅਤੇ ਪੰਚਾਇਤੀ ਜ਼ਮੀਨ ਆਦਿ ਉੱਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿੰਡ ਮੋਠਾਂਵਾਲੀ ਦੀ ਪਸ਼ੂ ਡਿਸਪੈਂਸਰੀ ਉੱਤੇ ਪਿੰਡ ਦੇ ਹੀ ਸਰਪੰਚ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਤੋਂ ਸਰਪੰਚ ਅਤੇ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਰਮਿਆਨ ਸ਼ਬਦੀ ਜੰਗ ਹੋ ਗਈ। ਇਸ ਮੌਕੇ ਵਿਧਾਇਕਾ ਨੂੰ ਘਰੋਂ ਡਾਂਗ ਲਿਆ ਕੇ ਡਰਾਵਾ ਦੇਣ ਵਾਲਾ ਸਰਪੰਚ ਦਾ ਫਰਜੰਦ ਅਤੇ ਇੱਕ ਔਰਤ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਥਾਣਾ ਸਦਰ ਦੀ ਪੁਲੀਸ ਨੇ ਹਵਾਲਾਤ ’ਚ ਬੰਦ ਕਰ ਦਿੱਤਾ। ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਵਿਧਾਇਕਾ ਨਾਲ ਬਦਸਲੂਕੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕਾਰਵਾਈ ਤੋਂ ਪਹਿਲਾਂ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰ ਰਹੇ ਹਨ।
ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹ ਪਿੰਡ ਮੋਠਾਂ ਵਾਲੀ ਵਿਚ ਸੜਕ ਦੇ ਨਿਰਮਾਣ ਦਾ ਉਦਘਾਟਨ ਕਰਨ ਗਏ ਸਨ। ਇਸ ਦੌਰਾਨ ਉਨ੍ਹਾਂ ਸਰਕਾਰੀ ਪਸ਼ੂ ਡਿਸਪੈਂਸਰੀ ਉੱਤੇ ਨਾਜਾਇਜ਼ ਕਬਜ਼ਾ ਹੋਇਆ ਦੇਖਿਆ ਤਾਂ ਪਤਾ ਲੱਗਾ ਕਿ ਇਹ ਕਬਜ਼ਾ ਪਿੰਡ ਦੇ ਸਰਪੰਚ ਹਰਨੇਕ ਸਿੰਘ ਵੱਲੋਂ ਤੂੜੀ ਦਾ ਕੁੱਪ ਅਤੇ ਪਾਥੀਆਂ ਰੱਖ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਸਰਪੰਚ ਨੂੰ ਸਰਕਾਰ ਦੀ ਮੁਹਿੰਮ ਤੋਂ ਜਾਣੂੰ ਕਰਵਾਉਂਦੇ ਹੋਏ 31 ਮਈ ਤੱਕ ਨਾਜਾਇਜ਼ ਕਬਜ਼ਾ ਖ਼ਤਮ ਕਰਨ ਦੀ ਗੱਲ ਆਖੀ। ਉਨ੍ਹਾਂ ਦਾਅਵ ਕੀਤਾ ਕਿ ਇਸ ਗੱਲ ਤੋਂ ਸਰਪੰਚ, ਉਸਦਾ ਪੁੱਤ ਤੇ ਹੋਰ ਪਰਿਵਾਰਕ ਮੈਂਬਰ ਭੜਕ ਉੱਠੇ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ। ਇੱਥੇ ਹੀ ਬੱਸ ਨਹੀਂ ਸਰਪੰਚ ਦਾ ਪੁੱਤ ਆਪਣੇ ਘਰੋਂ ਡਾਂਗ ਕੱਢ ਕੇ ਲੈ ਆਇਆ।
ਇਸ ਮੌਕੇ ਮੌਜੂਦ ਪੁਲੀਸ ਮੁਲਾਜ਼ਮਾਂ ਵੱਲੋਂ ਸਰਪੰਚ ਦੇ ਪੁੱਤ ਅਤੇ ਇੱਕ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਕੋਈ ਵੀ ਸਾਰਥਕ ਕਦਮ ਨਹੀਂ ਚੁੱਕੇ ਗਏ ਭਾਵੇਂ ਉਹ ਕਾਂਗਰਸ ਜਾਂ ਅਕਾਲੀ ਦਲ ਦੀਆਂ ਸਰਕਾਰਾਂ ਹੋਣ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਲਈ ਤੁਹਾਡੀ ‘ਸਿਆਸੀ ਇੱਛਾ’ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਹਿੱਤ ਵਿੱਚ ਨਾਜਾਇਜ਼ ਕਬਜ਼ੇ ਹਟਾਏ ਜਾ ਸਕਦੇ ਹਨ। ਕਬਜ਼ਿਆਂ ਤੋਂ ਮੁਕਤ ਕਰਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਨਿਯਮਾਂ ਅਨੁਸਾਰ ਮੁੜ ਵਾਹੀ ਲਈ ਦਿੱਤਾ ਜਾਵੇਗਾ ਜਦੋਂਕਿ ਵਪਾਰਕ ਜ਼ਮੀਨਾਂ ਨੂੰ ਵਪਾਰਕ ਵਰਤੋਂ ਦੇ ਨਾਲ-ਨਾਲ ਮਾਰਕਿਟ ਆਦਿ ਬਣਾ ਕੇ ਸਰਕਾਰ ਦੀ ਆਮਦਨੀ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਜ਼ਮੀਨਾਂ ਵੇਚੀਆਂ ਜਾ ਸਕਦੀਆਂ ਹੋਣਗੀਆਂ ਉਨ੍ਹਾਂ ਨੂੰ ਵੇਚ ਕੇ ਸਰਕਾਰੀ ਖ਼ਜਾਨੇ ਨੂੰ ਮਜ਼ਬੂਤ ਕੀਤਾ ਜਾਵੇਗਾ।
ਮੁਕਤਸਰ ਦੀਆਂ ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਜ਼ਿਲ੍ਹਾ ਹੈੱਡ ਕੁਆਰਟਰ ਤੇ ਚਾਲੀ ਮੁਕਤਿਆਂ ਨਾਲ ਸਬੰਧਤ ਧਾਰਮਿਕ ਸ਼ਹਿਰ ਹੋਣ ਕਰਕੇ ਮੁਕਤਸਰ ਦੀਆਂ ਸੜਕਾਂ ਉਪਰ ਉੱਚ ਅਧਿਕਾਰੀ ਅਤੇ ਮੰਤਰੀ ਲੰਘਦੇ ਹਨ ਪਰ ਫਿਰ ਵੀ ਸੜਕਾਂ ਉਪਰਲੇ ਨਾਜਾਇਜ਼ ਕਬਜ਼ਾਧਾਰੀਆਂ ਨੂੰ ਉਨ੍ਹਾਂ ਦਾ ਕੋਈ ਖ਼ੌਫ ਨਹੀਂ ਜਿਸਤੋਂ ਲੱਗਦਾ ਹੈ ਕਿ ਮੁਕਤਸਰ ਦੀਆਂ ਸੜਕਾਂ ’ਤੇ ਜੰਗਲ ਰਾਜ ਹੈ। ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਹਾਲ ਬਾਜ਼ਾਰ, ਬਾਵਾ ਸੰਤ ਸਿੰਘ ਰੋਡ, ਗਾਂਧੀ ਚੌਕ, ਰੇਲਵੇ ਰੋਡ, ਬਾਬਾ ਹਿੰਮਤ ਸਿੰਘ ਮਾਰਗ, ਕੋਟਕਪੂਰਾ ਰੋਡ, ਮਲੋਟ ਰੋਡ, ਬਠਿੰਡਾ ਰੋਡ, ਬੱਸਾ ਅੱਡਾ ਅਤੇ ਇਥੋਂ ਤੱਕ ਕਿ ਥਾਣਾ ਸਿਟੀ ਦਾ ਆਲਾ-ਦੁਆਲਾ ਵੀ ਨਾਜਾਇਜ਼ ਕਬਜ਼ਿਆਂ ਤੋਂ ਨਹੀਂ ਬਚਿਆ| ਬਾਵਾ ਸੰਤ ਸਿੰਘ ਰੋਡ 30 ਫੁੱਟ ਤੋਂ ਵੱਧ ਚੌੜੀ ਹੈ ਪਰ ਇਸਦੇ 20 ਫੁੱਟ ਤੋਂ ਵੱਧ ਹਿੱਸੇ ਉਪਰ ਨਾਜਾਇਜ਼ ਕਬਜ਼ਾ ਹੈ| ਬਕਾਇਦਾ ਦੁਕਾਨਾਂ ਬਣੀਆਂ ਹਨ| 10 ਫੁੱਟ ਸੜਕ ਹੀ ਰਾਹਗੀਰਾਂ ਲਈ ਬਚਦੀ ਹੈ ਜਿਸ ਵਿੱਚੋਂ ਦੋ ਕਾਰਾਂ ਨਹੀਂ ਲੰਘਦੀਆਂ ਜਿਸ ਕਰਕੇ ਹਰ ਵੇਲੇ ਆਵਾਜਾਈ ਠੱਪ ਰਹਿੰਦੀ ਹੈ| ਇਹੀ ਹਾਲ 40 ਫੁੱਟ ਤੋਂ ਵੱਧ ਚੌੜੀ ਰੇਲਵੇ ਰੋਡ ਦਾ ਹੈ ਜਿਥੋਂ ਦਿਨ ਵੇਲੇ ਲੰਘਣ ਵਾਸਤੇ ਕੋਈ ਜਗ੍ਹਾ ਨਹੀਂ ਬਚਦੀ| ਥਾਣਾ ਸਿਟੀ ਦੀਆਂ ਕੰਧਾਂ ਨਾਲ ਦਸ-ਦਸ ਫੁੱਟ ਜਗ੍ਹਾ ਨਾਜਾਇਜ਼ ਕਬਜ਼ੇ ਹੇਠ ਹੈ| ਥਾਣਾ ਸਿਟੀ ਦੇ ਸਾਹਮਣੇ ਬਣੀ ਸ਼ਾਨਦਾਰ ਸਬਜ਼ੀ ਮੰਡੀ ਦੇ ਦੁਕਾਨਦਾਰ ਆਪਣੀਆਂ ਰੇਹੜੀਆਂ ਸੜਕ ਉਪਰ ਖੜ੍ਹੀਆਂ ਕਰਦੇ ਹਨ| ਨਾਜਾਇਜ਼ ਕਬਜ਼ਿਆਂ ਤੋਂ ਦੁਖੀ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਕੋਲ ਵੀ ਆਪਣਾ ਦੁੱਖੜਾ ਰੋਇਆ ਤੇ ਮੰਗ ਕੀਤੀ ਹੈ ਕਿ ਨਾਜਾਇਜ਼ ਕਬਜ਼ੇ ਹਟਾਏ ਜਾਣ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਨਾਜਾਇਜ਼ ਕਬਜ਼ਿਆਂ ਸਬੰਧੀ ਸ਼ਕਾਇਤਾਂ ਆਈਆਂ ਹਨ| ਉਨ੍ਹਾਂ ਸੀਨੀਅਰ ਪੁਲੀਸ ਕਪਤਾਨ ਤੇ ਐੱਸਡੀਐੱਮ ਮੁਕਤਸਰ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਸਖਤ ਕਦਮ ਚੁੱਕਣ ਵਾਸਤੇ ਹੁਕਮ ਜਾਰੀ ਕਰ ਦਿੱਤੇ ਹਨ| ਇਸ ਦੌਰਾਨ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਬਿਪਨ ਕੁਮਾਰ ਨੇ ਦੱਸਿਆ ਕਿ ਕੌਂਸਲ ਕੋਲ ਮੁਲਾਜ਼ਮਾਂ ਦੀ ਭਾਰੀ ਘਾਟ ਹੈ| ਨਾਜਾਇਜ਼ ਕਬਜ਼ੇ ਹਟਾਉਣ ਲਈ ਕਦੇ-ਕਦੇ ਛਾਪਾ ਮਾਰੀ ਕੀਤੀ ਜਾਂਦੀ ਹੈ| ਦੁਕਾਨਦਾਰਾਂ ਦਾ ਸਾਮਾਨ ਚੁੱਕ ਲਿਆ ਜਾਂਦਾ ਹੈ ਤੇ ਬਾਅਦ ’ਚ ਉਹ ਜੁਰਮਾਨਾ ਵਸੂਲਿਆ ਜਾਂਦਾ ਹੈ ਪਰ ਅਕਸਰ ਦੁਕਾਨਦਾਰਾਂ ਨਾਲ ਝਗੜਾ ਹੁੰਦਾ ਹੈ ਤਾਂ ਪੁਲੀਸ ਫੋਰਸ ਦੀ ਵੀ ਲੋੜ ਪੈਂਦੀ ਹੈ ਜਿਸਦੀ ਬਹੁਤ ਦਿੱਕਤ ਰਹਿੰਦੀ ਹੈ|