ਪੱਤਰ ਪ੍ਰੇਰਕ
ਭਾਈਰੂਪਾ, 23 ਜੁਲਾਈ
ਕਸਬੇ ਨੇੜਲੇ ਪਿੰਡ ਆਲੀਕੇ ਦੇ ਕਿਸਾਨ ਨੇ ਆਪਣੇ ਸ਼ਰੀਕਾਂ ਉਪਰ ਧੱਕੇ ਨਾਲ ਡੇਢ ਕਿੱਲਾ ਜ਼ਮੀਨ ਵਾਹੁਣ ਦੇ ਦੋਸ਼ ਲਗਾਏ ਹਨ। ਕਿਸਾਨ ਜਗਜੀਵਨ ਸਿੰਘ ਖ਼ਿਲਾਫ਼ ਸੁਖਵਿੰਦਰ ਸਿੰਘ ਨੇ ਥਾਣਾ ਫੂਲ ਵਿਖੇ ਇੱਕ ਲਿਖਤੀ ਦਰਖਾਸਤ ਦੇ ਕੇ ਕਥਿਤ ਦੋਸ਼ ਲਗਾਏ ਹਨ ਕਿ ਉਨ੍ਹਾਂ ਹੱਡਾ ਰੋੜੀ ਨੇੜੇ ਵਾਲੀ ਜ਼ਮੀਨ ਇੱਕ ਕਿੱਲਾ ਨਰਮਾ ਬੀਜਿਆ ਹੋਇਆ ਸੀ ਅਤੇ ਸੂਏ ਨੇੜੇ ਵਾਲੀ ਜ਼ਮੀਨ ਵਿੱਚ ਤਿੰਨ ਕਨਾਲਾਂ ਚਰੀ ਬੀਜੀ ਹੋਈ ਸੀ ਜੋ ਕਥਿਤ ਦੋਸ਼ੀਆਂ ਨੇ ਟਰੈਕਟਰ ਨਾਲ ਵਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਵੱਲੋਂ ਉਨ੍ਹਾਂ ਨੂੰ ਪਹਿਲਾਂ ਵੀ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਥਾਣਾ ਫੂਲ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪੜਤਾਲ ਚੱਲ ਰਹੀ ਹੈ।