ਲਖਵਿੰਦਰ ਸਿੰਘ
ਮਲੋਟ, 1 ਅਕਤੂਬਰ
ਢਾਣੀ ਕੁੰਦਨ ਸਿੰਘ ਦੇ ਵਸਨੀਕ ਇੱਕ ਕਾਂਗਰਸੀ ਆਗੂ ’ਤੇ ਗ਼ਲਤ ਤਰੀਕੇ ਅਤੇ ਸਿਆਸੀ ਪ੍ਰਭਾਵ ਨਾਲ ਆਪਣੇ ਖੇਤਾਂ ਵਿੱਚ ਪਾਣੀ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਰੋਸ ਵਿੱਚ ਅੱਜ ਦਰਜਨਾਂ ਕਿਸਾਨਾਂ ਨੇ ਡਿਫੈਂਸ ਰੋਡ ਨੂੰ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਇਸੇ ਪਿੰਡ ਦੇ ਵਸਨੀਕ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕੁਲਦੀਪ ਸਿੰਘ ਮਹਿਣੇ ਵਾਲਾ ਦੀ ਜ਼ਮੀਨ ਅਬੁੱਲਖੁਰਾਣਾ ਮਾਈਨਰ ’ਤੇ ਪੈਂਦੀ ਹੈ, ਪਰ ਉਸ ਨੇ ਆਪਣੇ ਸਿਆਸੀ ਅਸਰ ਰਸੂਖ ਕਾਰਨ ਅਧਿਕਾਰੀਆਂ ’ਤੇ ਪ੍ਰਭਾਵ ਪਾ ਕੇ ਆਪਣੀ ਪਾਣੀ ਦੀ ਵਾਰੀ ਸੁਖਚੈਨ ਮਈਨਰ ’ਚੋਂ ਕਰਵਾ ਲਈ ਹੈ, ਜਦਕਿ ਕਾਨੂੰਨੀ ਤੌਰ ’ਤੇ ਅਜਿਹਾ ਨਹੀਂ ਹੋ ਸਕਦਾ। ਉਨ੍ਹਾਂ ਇਸ ਸਾਰੇ ਮਸਲੇ ਵਿੱਚ ਲੰਬੀ ਹਲਕੇ ਦੇ ਇਕ ਕਾਂਗਰਸੀ ਆਗੂ ਦਾ ਹੱਥ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਕਿਸਾਨ ਹਰਪ੍ਰੀਤ ਸਿੰਘ, ਰਾਜਾ ਸਿੰਘ, ਗੁਰਜੀਤ ਸਿੰਘ, ਨਿਸ਼ਾਨ ਸਿੰਘ , ਬਖਸ਼ੀਸ਼ ਸਿੰਘ ਆਦਿ ਨੇ ਦੱਸਿਆ ਕਿ ਸੁਖਚੈਨ ਮਾਈਨਰ ਦੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ, ਜੋ ਪਾਈਪ ਉਕਤ ਕਿਸਾਨ ਨੇ ਪਾਈ ਹੈ, ਉਹ ਛੋਟੀ ਹੋਣ ਕਰਕੇ ਕਿਤੋਂ ਵੀ ਟੁੱਟ ਸਕਦੀ ਹੈ ਜਾਂ ਉਸ ਵਿੱਚ ਲੀਕਿੰਗ ਹੋ ਸਕਦੀ ਹੈ, ਜਿਸ ਕਰਕੇ ਝੋਨੇ ਦੀ ਪੱਕੀ ਪਕਾਈ ਫਸਲ ਨੁਕਸਾਨੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਦਰਮਿਆਨੀ ਰਾਤ ਵੀ ਪਾਣੀ ਦੀ ਵਾਰੀ ਮੌਕੇ ਸਥਿਤੀ ਤਣਾਅਪੂਰਨ ਹੋ ਗਈ ਸੀ, ਜਿਸ ਕਰਕੇ ਪੁਲੀਸ ਨੂੰ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਉਕਤ ਵਿਅਕਤੀ ਦੇ ਰਸੂਖ ਕਰਕੇ ਇਸ ਮਾਮਲੇ ਵਿੱਚ ਇਕ ਥਾਣਾ ਇੰਚਾਰਜ ਨੂੰ ਵੀ ਬਦਲ ਦਿੱਤਾ ਗਿਆ ਹੈ।
ਡੱਬੀ::::::: ਸਭ ਕੁਝ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੀਤਾ: ਕੁਲਦੀਪ ਸਿੰਘ
ਕੁਲਦੀਪ ਸਿੰਘ ਨੇ ਕਿਹਾ ਕਿ ਉਸ ਨੇ ਕਾਨੂੰਨ ਮੁਤਾਬਕ ਆਪਣੀ ਵਾਰੀ ਦਾ ਤਬਾਦਲਾ ਕਰਵਾਇਆ ਹੈ, ਜਿਸ ਦੇ ਖ਼ਿਲਾਫ਼ ਦੂਜੀ ਧਿਰ ਹਾਈ ਕੋਰਟ ਚਲੀ ਗਈ ਹੈ, ਜਿਥੋਂ ਉਨ੍ਹਾਂ ਨੂੰ ਸਟੇਅ ਨਹੀਂ ਮਿਲੀ। ਉਨ੍ਹਾਂ ਅਸਰ ਰਸੂਖ ਦੀ ਗੱਲ ਸਬੰਧੀ ਕਿਹਾ ਕਿ ਉਨ੍ਹਾਂ ਕਿਸੇ ਕਿਸਮ ਦਾ ਪ੍ਰਭਾਵ ਨਹੀਂ ਵਰਤਿਆ ਸਗੋਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਭ ਕੁਝ ਕੀਤਾ ਹੈ।
ਕੈਪਸ਼ਨ: ਮਲੋਟ ਨੇੜੇ ਡਿਫੈਂਸ ਮਾਰਗ ’ਤੇ ਧਰਨਾ ਦਿੰਦੇ ਹੋਏ ਕਿਸਾਨ।