ਇਕਬਾਲ ਸਿੰਘ ਸ਼ਾਂਤ
ਲੰਬੀ, 1 ਅਕਤੂਬਰ
ਡੱਬਵਾਲੀ ਦੇ ਆਚਾਰ ਵਪਾਰੀ ਕੋਲੋਂ ਕਥਿਤ ਦੋ ਲੱਖ ਰੁਪਏ ਮੰਗਣ, ਕੁੱਟਮਾਰ ਦੀ ਦਰਖਾਸਤ ’ਤੇ ਉਲਝਾਉਣ ਦੇ ਬਾਅਦ ਉਸ ਨੂੰ ਘੇਰ ਕੇ ਜਖ਼ਮੀ ਕਰਨ ਵਾਲੇ ਮੁਲਜ਼ਮ ਪੁਲੀਸ ਦੀ ਪਹੁੰਚ ਤੋਂ ਦੂਰ ਹਨ। ਲੰਬੀ ਪੁਲੀਸ ਨੇ ਡੱਬਵਾਲੀ ਦੇ ਇੱਕ ਨਾਮੀ ਕਾਂਗਰਸੀ ਪਰਿਵਾਰ ਦੇ ਇੱਕ ਨੌਜਵਾਨ ਸਮੇਤ ਚਾਰ ਮੁਲਜ਼ਮਾਂ ਖਿਲਾਫ਼ ਮੁਕੱਦਮਾ ਕੀਤਾ ਹੋਇਆ ਹੈ। ਪੀੜਤ ਕਈ ਦਿਨ ਸਿਵਲ ਹਸਪਤਾਲ ਬਠਿੰਡਾ ’ਚ ਜ਼ੇਰੇ ਇਲਾਜ ਰਿਹਾ ਹੈ। ਪੁਲੀਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦਾ ਆਪਸ ਪੈਸਿਆਂ ਦੇ ਲੈਣ-ਦੇਣ ਦਾ ਮਸਲਾ ਹੈ।
ਡੱਬਵਾਲੀ ਵਾਸੀ ਧੀਰਜ ਕੁਮਾਰ ਨੇ ਕਿਹਾ ਕਿ ਉਸ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ। ਜਦੋਂ ਉਸ ਨੇ ਬੇਵਜ੍ਹਾ ਮੰਗੇ ਦੋ ਲੱਖ ਰੁਪਏ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਨੂੰ ਉਲਝਾਉਣ ਖਾਤਰ ਦੂਜੀ ਧਿਰ ਨੇ ਕਿੱਲਿਆਂਵਾਲੀ ਚੌਕੀ ਦੇ 21 ਸਤੰਬਰ ਨੂੰ ਕੁੱਟਮਾਰ ਦੀ ਝੂਠੀ ਦਰਖਾਸਤ ਦੇ ਦਿੱਤੀ। ਧੀਰਜ ਅਨੁਸਾਰ ਪੁਲੀਸ ਵੱਲੋਂ ਸ਼ਿਕਾਇਤ ਬਾਰੇ ਤਲਬ ਕਰਨ ’ਤੇ ਉਹ 24 ਸਤੰਬਰ ਨੂੰ ਕਿੱਲਿਆਂਵਾਲੀ ’ਚ ਗਿਆ। ਜਦੋਂ ਉਥੋਂ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਪੁਲੀਸ ਮੁਲਜ਼ਮਾਂ ਨੂੰ ਫੜਨ ਤੋਂ ਪਾਸਾ ਵੱਟ ਰਹੀ ਹੈ।
ਕਿੱਲਿਆਂਵਾਲੀ ਚੌਕੀ ਦੇ ਏਐੱਸਆਈ ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਧੀਰਜ ਕੁਮਾਰ ਦੀ ਸ਼ਿਕਾਇਤ ’ਤੇ ਸੰਮਨ ਬਰਾੜ ਵਾਸੀ ਚੌਟਾਲਾ ਰੋਡ, ਡੱਬਵਾਲੀ ਅਤੇ ਚਾਰ ਹੋਰਨਾਂ ’ਤੇ ਧਾਰਾ 341, 323, 427, 148 ਅਤੇ 149 ਤਹਿਤ ਮੁਕੱਦਮਾ ਦਰਜ ਹੈ।