ਜਸਵੰਤ ਜੱਸ
ਫ਼ਰੀਦਕੋਟ, 20 ਫ਼ਰਵਰੀ
ਫ਼ਰੀਦਕੋਟ ਸ਼ਹਿਰ ਦੀਆਂ ਗ਼ਰੀਬ ਬਸਤੀਆਂ ਵਿੱਚ ਵੋਟਰਾਂ ਨੂੰ ਪੈਸੇ ਦੇ ਲਾਲਚ ਦੇ ਕੇ ਭਰਮਾਉਣ ਦੇ ਦੋਸ਼ ਲੱਗੇ ਹਨ। ਜ਼ਿਲ੍ਹਾ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸੰਜੇ ਨਗਰ ਤੇ ਜੋਤ ਰਾਮ ਕਲੋਨੀ ਵਿੱਚ ਹਾਕਮ ਧਿਰ ਨੇ ਗ਼ਰੀਬ ਲੋਕਾਂ ਨੂੰ ਇੱਕ ਵਜੇ ਤੱਕ ਬੂਥ ਤੱਕ ਹੀ ਨਹੀਂ ਜਾਣ ਦਿੱਤਾ ਤੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕਾਂ ਦੀਆਂ ਵੋਟਾਂ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਫ਼ਰੀਦਕੋਟ ਦੀ ਜੋਤ ਰਾਮ ਕਲੋਨੀ ਤੇ ਜੋਗੀਆਂ ਵਾਲੀ ਬਸਤੀ ਪਰਵਾਸੀ ਮਜ਼ਦੂਰਾਂ ਦਾ ਗੜ੍ਹ ਮੰਨੀ ਜਾਂਦੀ ਹੈ। ਇਨ੍ਹਾਂ ਦੋਹਾਂ ਬਸਤੀਆਂ ਦੇ ਬੂਥਾਂ ਉੱਪਰ ਸ਼ਾਮ ਦੇ 4 ਵਜੇ ਤੱਕ ਵੋਟ ਪੋਲ ਹੋਣ ਦੀ ਦਰ ਕਾਫੀ ਸੁਸਤ ਰਹੀ। ਜਦੋਂਕਿ ਬਾਅਦ ਵਿੱਚ ਇੱਕ ਦਮ ਬੂਥਾਂ ਉਪਰ ਵੋਟਰਾਂ ਦੀ ਭੀੜ ਲੱਗ ਗਈ। ਵਿਧਾਨ ਸਭਾ ਹਲਕੇ ਦੇ ਪਿੰਡ ਅਰਾਈਆਂਵਾਲਾ ਕਲਾਂ, ਗੋਲੇਵਾਲਾ, ਦੀਪ ਸਿੰਘ ਵਾਲਾ ਤੇ ਨਵੇਂ ਕਿਲ੍ਹੇ ਵੋਟਰਾਂ ਨੂੰ ਪੈਸੇ ਵੰਡਣ ਦੀਆਂ ਖਬਰਾਂ ਹਨ। ਪਿੰਡ ਔਲਖ ’ਚ ਵੋਟਰਾਂ ਨੂੰ ਪੈਸੇ ਵੰਡਣ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਅਕਾਲੀ ਵਰਕਰਾਂ ’ਚ ਟਕਰਾਅ ਵੀ ਹੋਇਆ ਜਿਸ ਨੂੰ ਪੁਲੀਸ ਨੇ ਤੁਰੰਤ ਕੰਟਰੋਲ ਕਰ ਲਿਆ। ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਗ਼ਰੀਬ ਵੋਟਰਾਂ ਨੂੰ ਹਾਕਮ ਧਿਰ ਨੇ ਕਥਿਤ ਤੌਰ ’ਤੇ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਰੀਦਕੋਟ ਦੇ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਭਰ ’ਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਸੰਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਕੁ ਥਾਵਾਂ ‘ਤੇ ਪੁਲੀਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਨਜਿੱਠ ਦਿੱਤਾ ਸੀ।