ਪੱਤਰ ਪ੍ਰੇਰਕ
ਜ਼ੀਰਾ, 21 ਜੁਲਾਈ
ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਬੰਦੀ ਨੇ ਮਿਤੀ 28 ਜੁਲਾਈ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਮੂਹਰੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ ਤੇ ਜਨਰਲ ਸਕੱਤਰ ਸੁਖਦੀਪ ਕੌਰ ਸਰਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਯੂਨੀਅਨ ਦੀਆਂ ਦਰਜਨਾਂ ਪੈਨਲ ਮੀਟਿੰਗਾਂ ਹੋਣ ਦੇ ਬਾਵਜੂਦ ਹਕੂਮਤ ਕੁਝ ਵੀ ਪੱਲੇ ਨਹੀਂ ਪਾ ਰਹੀ ਬਲਕਿ ਲਾਰੇ ਲਾਏ ਜਾ ਰਹੇ ਹਨ। ਆਗੂਆਂ ਨੇ ਕਿਹਾ ਹੈ ਕਿ ਸੂਬੇ ਦੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀ ਹਾਲਤ ਨਿਗੂਣੀਆਂ ਤਨਖਾਹਾਂ ਮਿਲਣ ਕਰਕੇ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਮੁੱਚੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਇੱਕ ਗ੍ਰੇਡ ਪੇਅ ਮੁਤਾਬਕ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਤੇ ਯੂਨੀਅਨ ਸਰਕਾਰ ਨੂੰ ਅਗਾਮੀ ਜ਼ਿਮਨੀ ਚੋਣਾਂ ਵਿੱਚ ਵੀ ਘੇਰੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ, ਭੁਪਿੰਦਰ ਕੌਰ, ਮੁਹੰਮਦ ਸਲੀਮ, ਅਮਨਦੀਪ, ਮੀਨੂੰ ਬਾਲਾ, ਓਮਾ ਮਾਧਵੀ, ਹਰਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ।