ਜਸਵੰਤ ਜੱਸ
ਫ਼ਰੀਦਕੋਟ, 19 ਸਤੰਬਰ
12ਵੀਂ ਸਦੀ ਦੇ ਮਹਾਨ ਸੂਫੀ ਸੰਤ ਤੇ ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ ਫ਼ਰੀਦ ਦੀ ਯਾਦ ਵਿੱਚ ਇੱਥੇ ਹੋਣ ਵਾਲਾ ਪੰਜ ਰੋਜ਼ਾ ਆਗਮਨ ਪੁਰਬ ਦੂਜੇ ਸਾਲ ਵੀ ਕਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਆਗਮਨ ਪੁਰਬ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਸ਼ਹਿਰ ਨੂੰ ਸਜਾਇਆ ਜਾਂਦਾ ਸੀ ਪ੍ਰੰਤੂ ਇਸ ਸਾਲ ਆਗਮਨ ਪੁਰਬ ਰੱਦ ਹੋਣ ਦੇ ਫ਼ੈਸਲੇ ਮਗਰੋਂ ਨਗਰ ਕੌਂਸਲ ਨੇ ਸ਼ਹਿਰ ਵਿੱਚ ਝਾੜੂ ਮਾਰਨਾ ਵੀ ਜ਼ਰੂਰੀ ਨਹੀਂ ਸਮਝਿਆ। ਇਸ ਦੇ ਨਾਲ ਹੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਵੀ ਹਾਲਤ ਨਹੀਂ ਸੁਧਾਰੀ ਗਈ। ਸ਼ਹਿਰ ਦੀਆਂ ਮੁੱਖ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਹਨ ਅਤੇ ਆਗਮਨ ਪੁਰਬ ਦੌਰਾਨ ਇਨ੍ਹਾਂ ਸੜਕਾਂ ਦੀ ਹਾਲਤ ਸੁਧਰਨ ਦੀ ਸੰਭਾਵਨਾ ਸੀ। ਪ੍ਰੰਤੂ ਪੰਜ ਰੋਜ਼ਾ ਆਗਮਨ ਪੁਰਬ ਦੌਰਾਨ ਕੋਈ ਵੀ ਸਰਕਾਰੀ ਸਮਾਗਮ ਨਹੀਂ ਹੋ ਰਿਹਾ ਅਤੇ ਨਾ ਹੀ ਕੋਈ ਵਜ਼ੀਰ ਸ਼ਹਿਰ ਵਿੱਚ ਆ ਰਿਹਾ ਹੈ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਭਾਵੇਂ ਆਗਮਨ ਪੁਰਬ ਦੇ ਸਮਾਗਮ ਰੱਦ ਹੋ ਗਏ, ਫਿਰ ਵੀ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ-ਸਫਾਈ ਵੱਲ ਧਿਆਨ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਗਮਨ ਪੁਰਬ ਦੇ ਸਮਾਗਮ ਰੱਦ ਕਰਨਾ ਠੀਕ ਗੱਲ ਨਹੀਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਕੁਝ ਸਮਾਗਮ ਕਰਵਾਏ ਜਾ ਸਕਦੇ ਸਨ। ਇਸੇ ਦਰਮਿਆਨ ਇੱਥੋਂ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪੁਸਤਕ ਮੇਲਾ ਲਾਇਆ ਗਿਆ ਜਿਸ ਵਿੱਚ ਪੰਜਾਬ ਦੇ ਕਰੀਬ 40 ਪਬਲੀਕੇਸ਼ਨਾਂ ਨੇ ਹਿੱਸਾ ਲਿਆ ਹੈ। ਇਸ ਪੁਸਤਕ ਮੇਲੇ ਦਾ ਉਦਘਾਟਨ ਕਰਦਿਆਂ ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਵੇਂ ਬਾਬਾ ਫ਼ਰੀਦ ਆਗਮਨ ਪੁਰਬ ਦੇ ਸਮਾਗਮ ਰੱਦ ਹੋ ਗਏ ਹਨ ਫਿਰ ਵੀ ਰਾਤ ਸਮੇਂ ਹੋਣ ਵਾਲੇ ਧਾਰਮਿਕ ਸਮਾਗਮ ਆਮ ਵਾਂਗ ਹੋਣਗੇ ਅਤੇ 23 ਸਤੰਬਰ ਨੂੰ ਟਿੱਲਾ ਬਾਬਾ ਫ਼ਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਜਾਵੇਗਾ।