ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਜੁਲਾਈ
ਰਾਜ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਮੰਡੀ ਸ਼ਾਖਾ) ਨੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਨੂੰ ਚੇਅਰਮੈਨ ਤੇ ਸੇਵਕ ਸਿੰਘ ਸੈਦੋਕੇ ਨੂੰ ਉੱਪ ਚੇਅਰਮੈਨ ਤੇ 16 ਮੈਂਬਰਾਂ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਨਵੇਂ ਬਣੇ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਇਥੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਜਗਰੂਪ ਸਿੰਘ ਤਖ਼ਤੁਪੁਰਾ ਦੇ ਪੁੱਤਰ ਹਨ। ਚੇਅਰਮੈਨ ਹੁਦੇ ਦੀ ਦੌੜ ਵਿੱਚ ਸੇਵਕ ਸਿੰਘ ਸੈਦੋਕੇ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭਜਨ ਸਿੰਘ ਜੈਦ ਜੋ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਕੁੜਮ ਹਨ, ਵੀ ਦੌੜ ਵਿੱਚ ਸ਼ਾਮਲ ਸਨ। ਸਾਬਕਾ ਵਿਧਾਇਕ ਬੀਬੀ ਰਾਜਬਿੰਦਰ ਕੌਰ ਭਾਗੀਕੇ ਸੇਵਕ ਸਿੰਘ ਸੈਦੋਕੇ ਨੂੰ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਆਪਣੇ ਕੁੜਮ ਭਜਨ ਸਿੰਘ ਜੈਦ ਨੂੰ ਚੇਅਰਮੈਨ ਦੀ ਕੁਰਸੀ ਉੱਤੇ ਬਿਠਾਉਣ ਲਈ ਜ਼ੋਰ ਲਗਾ ਸਨ ਜਦੋਂ ਕਿ ਤਖਤੂਪੁਰਾ ਪਰਿਵਾਰ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੀ ਮਿਹਰ ਹੋਈ ਹੈ। ਸਿਆਸੀ ਦੌੜ ਕਾਰਨ ਇਸ ਮਾਰਕੀਟ ਕਮੇਟੀ ਦੀ ਚੇਅਰਮੈਨੀ ਲਮਕੀ ਹੋਈ ਸੀ। ਇਸ ਅਹੁਦੇ ਦੀ ਤਾਇਨਾਤੀ ਨਾਲ ਹਲਕੇ ਦੇ ਲੋਕ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਵੱਡੇ ਸਿਆਸਬੀ ਝਟਕੇ ਦੇ ਤੌਰ ’ਤੇ ਦੇਖ ਰਹੇ ਹਨ। ਵਿਧਾਇਕ ਬਰਾੜ ਦਾ ਦਰਦ ਵੀ ਬਾਹਰ ਆਉਣ ਲੱਗਾ ਹੈ। ਉਨ੍ਹਾਂ ਸੰਪਰਕ ਕਰਨ ਉੱਤੇ ਕਿਹਾ ਕਿ ਭਜਨ ਸਿੰਘ ਜੈਦ ਪਹਿਲਾਂ ਚੇਅਰਮੈਨ ਰਹੇ ਹੋਣ ਕਰਕੇ ਉਨ੍ਹਾਂ ਦਾ ਨਾਮ ਦੌੜ ’ਚ ਸੀ। ਉਨ੍ਹਾਂ ਦਾ ਬਾਬੇ ਨਾਨਕ ਉੱਤੇ ਭਰੋਸਾ ਹੈ। ਇੱਕ ਕਾਂਗਰਸ ਆਗੂ ਨੇ ਕਿਹਾ ਕਿ ਕੈਪਟਨ ਸਾਹਿਬ ਹਰ ਵਰਕਰ ਤੇ ਆਗੂ ਦੀ ਨਬਜ਼ ਪਛਾਣਦੇ ਤੇ ਜਾਣਦੇ ਹਨ। ਇਥੇ ਸਾਲ 2013 ਦੀ ਜ਼ਿਮਨੀ ਚੋਣ ਦੌਰਾਨ ਕਥਿਤ ਰਾਜਸੀ ਦਬਾਅ ਹੇਠ ਜਗਰੂਪ ਸਿੰਘ ਤਖ਼ਤੂਪੁਰਾ ਨੇ ਵਫ਼ਾਦਾਰੀ ਬਦਲਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨਹੀਂ ਭੁੱਲੇ। ਮੋਗਾ ਹਲਕੇ ਤੋਂ ਵਿਧਾਇਕ ਦੀ ਟਿਕਟ ਦੇ ਦਾਅਵੇਦਾਰ ਤਖਤੂਪੁਰਾ ਨੂੰ ਇਸ ਕਾਰਨ ਹੀ ਟਿਕਟ ਨਹੀਂ ਮਿਲ ਸਕੀ। ਉਹ ਸਾਲ 2018 ’ਚ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਹੁਦੇ ਦੀ ਕੁਰਸੀ ਉੱਤੇ ਬੈਠਣ ਲਈ ਪਰਿਸ਼ਦ ਮੈਂਬਰ ਬਣੇ ਪਰ ਕੁਰਸੀ ਨਸੀਬ ਨਹੀਂ ਹੋਈ। ਹੁਣ ਉਹ ਆਪਣੇ ਪੁੱਤਰ ਨੂੰ ਨਿਹਾਲ ਸਿੰਘ ਵਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ਵਿੱਚ ਸਫ਼ਲ ਹੋ ਗਏ ਹਨ।
ਸੁਖਜੀਤ ਬੰਟੀ ਮਾਰਕੀਟ ਕਮੇਟੀ ਚੇਅਰਮੈਨ ਤੇ ਬਲਜੀਤ ਕੌਰ ਉੱਪ ਚੇਅਰਮੈਨ ਬਣੇ
ਰਾਮਾਂ ਮੰਡੀ (ਹੁਸ਼ਿਆਰ ਸਿੰਘ ਘਟੌੜਾ): ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਦੀਆਂ ਕੀਤੀਆਂ ਜਾ ਰਹੀਆਂ ਨਾਮਜ਼ਦਗੀਆਂ ਤਹਿਤ ਅੱਜ ਨੇੜਲੇ ਪਿੰਡ ਬੰਗੀ ਕਲਾਂ ਦੇ ਸਾਬਕਾ ਸਰਪੰਚ ਸੁਖਜੀਤ ਸਿੰਘ ਬੰਟੀ ਨੂੰ ਮਾਰਕੀਟ ਕਮੇਟੀ ਰਾਮਾਂ ਦਾ ਚੇਅਰਮੈਨ ਅਤੇ ਬਲਜੀਤ ਕੌਰ ਨੂੰ ਉੱਪ ਚੇਅਰਮੈਨ ਨਾਮਜ਼ਦ ਕੀਤਾ ਗਿਆ।
ਵਤਨਪ੍ਰੀਤ ਸਿੰਘ ਖਹਿਰਾ ਬਣੇ ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ
ਫ਼ਿਰੋਜ਼ਪੁਰ (ਨਿੱਜੀ ਪੱਤਰ ਪੇ੍ਰਕ): ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਸਥਾਨਕ ਇਕਾਈ ਦਾ ਦੋ ਸਾਲਾ ਚੋਣ ਇਜਲਾਸ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਹੋਇਆ। ਇਜਲਾਸ ਦੌਰਾਨ ਜਥੇਬੰਦੀ ਦੀ ਦੋ ਸਾਲਾਂ ਦੀ ਪ੍ਰਾਪਤੀ ਦਾ ਲੇਖਾ ਜੋਖਾ ਕੀਤਾ ਗਿਆ ਜਿਸ ਦੀ ਰਿਪੋਰਟ ਹਰਪ੍ਰੀਤ ਸਿੰਘ ਖਜ਼ਾਨਚੀ ਨੇ ਪੇਸ਼ ਕੀਤੀ। ਇਸ ਮੌਕੇ ਚੋਣ ਕਮੇਟੀ ਦੀ ਨਿਗਰਾਨੀ ਵਿਚ ਵਤਨਪ੍ਰੀਤ ਸਿੰਘ ਖਹਿਰਾ ਨੂੰ ਪ੍ਰਧਾਨ, ਦਲੀਪ ਸਿੰਘ ਅਤੇ ਜਗਨੰਦਨ ਸਿੰਘ ਦੋਵੇਂ ਸੀਨੀਅਰ ਮੀਤ ਪ੍ਰਧਾਨ, ਅਭੈ ਧਵਨ ਜਨਰਲ ਸਕੱਤਰ, ਗੁਰਦੇਵ ਸਿੰਘ ਸਿੱਧੂ ਸਹਾਇਕ ਜਨਰਲ ਸਕੱਤਰ, ਵਿਜੈ ਚੌਧਰੀ ਪ੍ਰੈੱਸ ਸਕੱਤਰ, ਭੀਮ ਸੈਨ ਪ੍ਰਚਾਰ ਸਕੱਤਰ, ਹਰਪ੍ਰੀਤ ਸਿੰਘ ਖਜ਼ਾਨਚੀ, ਰਵਿੰਦਰਜੀਤ ਸਿੰਘ ਸਹਾਇਕ ਖਜ਼ਾਨਚੀ ਅਤੇ ਰਮਨ ਧਵਨ ਆਡੀਟਰ ਚੁਣੇ ਗਏ।