ਜੋਗਿੰਦਰ ਸਿੰਘ ਮਾਨ
ਮਾਨਸਾ, 28 ਨਵੰਬਰ
ਮਾਲਵਾ ਖੇਤਰ ਵਿੱਚ ਡੀਏਪੀ ਖਾਦ ਦੀ ਘਾਟ ਤੋਂ ਬਾਅਦ ਹੁਣ ਅੰਨਦਾਤਾ ਨੂੰ ਯੂਰੀਆ ਖਾਦ ਦੀ ਤੋਟ ਆਉਣ ਲੱਗੀ ਹੈ। ਇਹ ਖਾਦ ਹਾੜੀ ਦੀ ਮੁੱਖ ਫ਼ਸਲ ਕਣਕ ਲਈ ਇਸ ਵੇਲੇ ਸਭ ਤੋਂ ਜ਼ਰੂਰੀ ਮੰਨੀ ਜਾਂਦੀ ਹੈ। ਪ੍ਰਾਈਵੇਟ ਵਪਾਰੀਆਂ ਨੇ ਖਾਦ ਦੇ ਭੰਡਾਰ ਖਾਲੀ ਕਰ ਰੱਖੇ ਹਨ, ਜਦੋਂ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਵਿਚੋਂ ਵੀ ਕਿਸਾਨਾਂ ਨੂੰ ਖਾਦ ਥਿਆ ਨਹੀਂ ਰਹੀ। ਜਾਣਕਾਰੀ ਮੁਤਾਬਕ ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਅੱਜ-ਕੱਲ੍ਹ ਇਸ ਖਾਦ ਨੂੰ ਤਰਸ ਰਹੀਆਂ ਹਨ। ਉਧਰ ਸੁਸਾਇਟੀਆਂ ਵਿਚ ਖਾਦ ਨਾ ਹੋਣ ਦਾ ਲਾਹਾ ਲੈ ਕੇ ਵਪਾਰੀ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ-ਨਾਲ ਕਣਕ ’ਚੋਂ ਗੁੱਲੀ-ਡੰਡਾ ਸਮੇਤ ਹੋਰ ਨਦੀਨਾਂ ਨੂੰ ਮਾਰਨ ਵਾਲੀਆਂ ਦਵਾਈਆਂ ਚਿੰਬੇੜਨ ਲੱਗੇ ਹਨ, ਜਿਨ੍ਹਾਂ ਲਈ ਖੇਤੀਬਾੜੀ ਵਿਭਾਗ ਸੁੱਤਾ ਪਿਆ ਜਾਪਦਾ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਹਿਲਾਂ ਸੁਸਾਇਟੀਆਂ ਵਿੱਚ ਸਮੇਂ ਸਿਰ ਡੀਏਪੀ ਖਾਦ ਨਹੀਂ ਆਈ ਅਤੇ ਹੁਣ ਯੂਰੀਆ ਖਾਦ ਨਹੀਂ ਭੇਜੀ ਗਈ, ਜਦੋਂ ਕਿ ਇਸ ਵੇਲੇ ਕਣਕ ਦੀ ਫਸਲ ਨੂੰ ਵੱਧਣ-ਫੁੱਲਣ ਲਈ ਇਸ ਖਾਦ ਦੀ ਸਖ਼ਤ ਲੋੜ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਸੁਸਾਇਟੀ ਵਿਚ ਖਾਦ ਦੀ ਕੋਈ ਕਮੀ ਨਹੀਂ ਹੈ, ਸਾਰੀਆਂ ਸੁਸਾਇਟੀਆਂ ਵਿਚ ਖਾਦ ਮੰਗ ਮੁਤਾਬਕ ਲਗਾਤਾਰ ਜਾ ਰਹੀ ਹੈ ਅਤੇ ਜਿਥੇ ਕਿਤੇ ਕਿਸਾਨ ਜਥੇਬੰਦੀਆਂ ਨੂੰ ਤਕਲੀਫ਼ ਲੱਗਦੀ ਹੈ, ਉਹ ਉਥੇ ਖਾਦ ਪੂਰੀ ਕਰਵਾਉਣ ਲਈ ਬਿਲਕੁਲ ਤਿਆਰ ਹਨ।