ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ) 25 ਨਵੰਬਰ
ਅਬੋਹਰ ਦੀ ਕਿਨੂੰ ਮੰਡੀ ਵਿਚ ਮਚੀ ਲੁੱਟ ਦੇ ਖ਼ਿਲਾਫ਼ ਕਿਨੂੰ ਉਤਪਾਦਕਾਂ ਵੱਲੋਂ ਫਾਜ਼ਿਲਕਾ ਰੋਡ ਕੌਮੀ ਰਾਜ ਮਾਰਗ ’ਤੇ ਲਗਾਏ ਅਣਮਿੱਥੇ ਸਮੇਂ ਦੇ ਧਰਨੇ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਮੀਟਿੰਗ ਕਰ ਕੇ ਹੜਤਾਲ ਖਤਮ ਕਰਵਾ ਦਿੱਤੀ। ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਕਿਸਾਨਾਂ ਨੇ ਸਾਰੀ ਰਾਤ ਆਵਾਜਾਈ ਰੋਕੀ ਰੱਖੀ। ਅੱਜ ਮਾਰਕੀਟ ਕਮੇਟੀ ਦੇ ਸਕੱਤਰ ਸੁਲੋਧ ਬਿਸ਼ਨੋਈ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਇਕ ਟੀਮ ਨੇ ਕਿਨੂੰ ਉਤਪਾਦਕਾਂ, ਵਪਾਰੀਆਂ ਅਤੇ ਆੜ੍ਹਤੀਆਂ ਦੇ ਨਾਲ ਇਕ ਸਾਂਝੀ ਮੀਟਿੰਗ ਰੱਖੀ। ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਿਨੂੰ ਉਤਪਾਦਕਾਂ ਵੱਲੋਂ ਮੰਡੀ ਵਿੱਚ ਲਿਆਂਦੀ ਫਸਲ ਨੂੰ ਬਣਦਾ ਭਾਅ ਦਿੱਤਾ ਜਾਵੇਗਾ। ਮੀਟਿੰਗ ਵਿੱਚ ਤੈਅ ਹੋਇਆ ਕਿ ਏ ਗ੍ਰੇਡ ਦਾ ਕਿਨੂੰ 14 ਤੋਂ 15 ਰੁਪਏ ਕਿਲੋ ਬੀ ਗ੍ਰੇਡ ਦਾ ਕਿਨੂੰ 10 ਤੋਂ 13 ਰੁਪਏ ਅਤੇ ਸੀ ਗਰੇਡ ਦਾ ਕਿੰਨੂੰ ਅੱਠ ਤੋਂ ਨੌਂ ਰੁਪਏ ਪ੍ਰਤੀ ਕਿੱਲੋ ਮੰਡੀ ਵਿੱਚ ਵੇਚਿਆ ਜਾਵੇਗਾ। ਕਿਸਾਨਾਂ, ਵਪਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਵਿਚਾਲੇ ਤਿੰਨੋਂ ਧਿਰਾਂ ਵਿਚ ਲਿਖਤੀ ਫੈਸਲਾ ਹੋਣ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ।