ਪੱਤਰ ਪ੍ਰੇਰਕ
ਮਾਨਸਾ, 11 ਜੁਲਾਈ
ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਵੇਦਾਂਤਾ ਕੰਪਨੀ ਵੱਲੋਂ ਨਿੱਜੀ ਭਾਈਵਾਲੀ ਤਹਿਤ ਲਾਏ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵੱਲੋਂ ਅੱਜ ਇਥੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਦੀ ਅਗਵਾਈ ਹੇਠ ਬਿਜਲਈ ਵਾਹਨਾਂ ਦੀ ਸੇਵਾ ਲੈਣ ਲਈ ਇਤਿਹਾਸਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਗਏ। ਇਹ ਸਮਝੌਤਾ ਪੰਜਾਬ ਰਾਜ ਪੇਂਡੂ ਅਜੀਵਿਕਾ ਮਿਸ਼ਨ (ਪੀਐੱਸਆਰਐੱਲਐੱਮ) ਅਧੀਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਸਮਝੌਤੇ ਨਾਲ ਹੁਣ ਇਹ ਤਾਪਘਰ ਪੰਜਾਬ ਦੇ ਪੇਂਡੂ ਸਵੈ-ਸਹਾਇਤਾ ਸਮੂਹਾਂ ਨਾਲ ਬਿਜਲਈ ਵਾਹਨਾਂ ਦਾ ਸਰੋਤ ਬਣਾਉਣ ਲਈ ਇੱਕ ਮੋਹਰੀ ਸੰਸਥਾ ਬਣ ਗਿਆ ਹੈ।
ਟੀਐੱਸਪੀਐੱਲ ਦੇ ਮੁੱਖ ਵਪਾਰਕ ਅਫਸਰ ਆਨੰਦ ਮੈਂਡ੍ਰਿਕ ਨੇ ਮਦਰ ਟੈਰੇਸਾ ਮਹਿਲਾ ਕਲੱਸਟਰ ਲੈਵਲ ਸੁਸਾਇਟੀ, ਪੰਜਾਬ ਰਾਜ ਗ੍ਰਾਮੀਣ ਅਜੀਵਿਕਾ ਮਿਸ਼ਨ ਅਧੀਨ ਬਣਾਈ ਗਈ ਕਮਿਊਨਿਟੀ ਦੀ ਅਗਵਾਈ ਵਾਲੀ ਫੈਡਰੇਸ਼ਨ ਨਾਲ ਇਹ ਸਮਝੌਤਾ ਕੀਤਾ। ਇਸ ਸਹਿਮਤੀ ਪੱਤਰ ’ਤੇ ਡੀਸੀ ਰਿਸ਼ੀਪਾਲ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਪੀਐੱਸਆਰਐੱਲਐੱਮ ਅਤੇ ਟੀਐੱਸਪੀਐੱਲ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।
ਕਨਵਰਜੈਂਸ ਮਾਡਲ ਪੂਰਵ-ਨਿਰਧਾਰਿਤ ਮਾਸਿਕ ਕਿਰਾਏ ’ਤੇ 5 ਸਾਲਾਂ ਲਈ ਪੇਂਡੂ ਸਮੁਦਾਏ ਤੋਂ ਇਲੈਕਟ੍ਰਿਕ ਵਾਹਨ ਕਿਰਾਏ ’ਤੇ ਲੈਣ ਲਈ ਇਹ ਸਮਝੌਤਾ ਹੋਇਆ। ਇਸ ਤੋਂ ਇਲਾਵਾ ਵੇਦਾਂਤਾ ਟੀਐੱਸਪੀਐੱਲ ਵੱਲੋਂ ਇਸ ਸਬੰਧੀ ਚਾਰਜਿੰਗ ਸਟੇਸ਼ਨ, ਰੱਖ-ਰਖਾਅ ਦੇ ਖਰਚੇ ਪ੍ਰਦਾਨ ਕਰਨ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਵੇਦਾਂਤਾ ਨੇ 4-ਪਹੀਆ ਵਾਹਨ ਅਤੇ 2-ਪਹੀਆ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਵਾਲੇ ਵੱਖ-ਵੱਖ ਕਰਮਚਾਰੀ ਗ੍ਰੇਡਾਂ ਲਈ 30 ਤੋਂ 50 ਫ਼ੀਸਦ ਤੱਕ ਦੀਆਂ ਰਿਆਇਤਾਂ ਨੂੰ ਵਧਾ ਕੇ ਸਾਰੇ ਸਥਾਨਾਂ ਵਿੱਚ ਆਪਣੇ ਕਰਮਚਾਰੀਆਂ ਲਈ ਬਿਜਲਈ ਵਾਹਨ ਨੀਤੀ ਸ਼ੁਰੂ ਕਰਕੇ ਸਥਿਰਤਾ ਵੱਲ ਇੱਕ ਵੱਡਾ ਕਦਮ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਇਹ ਕਦਮ ਨੈੱਟ-ਜ਼ੀਰੋ ਕਾਰਬਨ ਪ੍ਰਤੀ ਵੇਦਾਂਤਾ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ, 2030 ਤੱਕ ਉਨ੍ਹਾਂ ਦੇ 100 ਫ਼ੀਸਦ ਹਲਕੇ ਮੋਟਰ ਵਾਹਨਾਂ ਨੂੰ ਡੀਕਾਰਬੋਨਾਈਜ਼ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਅਗਲੇ 10 ਸਾਲਾਂ ਵਿੱਚ ਨੈੱਟ ਜ਼ੀਰੋ ਓਪਰੇਸ਼ਨਾਂ ਵਿੱਚ ਤਬਦੀਲੀ ਨੂੰ ਤੇਜ਼ ਕਰਨ ਲਈ ਪੰਜ ਬਿਲੀਅਨ ਖਰਚ ਕਰਨ ਦਾ ਟੀਚਾ ਰੱਖਦਾ ਹੈ। ਇਸ ਨਵੀਂ ਪਹਿਲਕਦਮੀ ਲਈ ਡੀਸੀ ਰਿਸ਼ੀਪਾਲ ਸਿੰਘ ਟੀਐੱਸਪੀਐੱਲ ਦੀ ਸ਼ਲਾਘਾ ਕੀਤੀ ਹੈ। ਹਸਤਾਖਰ ਕਰਨ ਮੌਕੇ ਵਿਭਵ ਅਗਰਵਾਲ ਸੀਈਓ ਪਾਵਰ, ਵੇਦਾਂਤਾ ਵੀ ਹਾਜ਼ਰ ਸਨ।