ਪੱਤਰ ਪ੍ਰੇਰਕ
ਬਰੇਟਾ, 28 ਮਈ
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਦੇ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੋਂ ਦੇ ਪੈਟਰੋਲ ਪੰਪ ’ਤੇ ਲਗਾਤਾਰ ਰੋਜ਼ਾਨਾ ਦਿੱਤੇ ਜਾ ਰਹੇ ਧਰਨੇ ਵਿੱਚ ਕਿਸਾਨ ਆਗੂਆਂ ਅਤੇ ਮਹਿਲਾ ਬੁਲਾਰਿਆਂ ਵੱਲੋ ਅੱਜ ਨਾਅਰੇਬਾਜ਼ੀ ਕੀਤੀ ਗਈ। ਸਾਂਝਾ ਕਿਸਾਨ ਮੋਰਚਾ ਵੱਲੋਂ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਵੀ ਮਹਿਲਾ ਬੁਲਾਰੇ ਸ਼ਾਮਲ ਹੋਏ। ਇਸ ਮੌਕੇ ਸੁਖਦੇਵ ਸਿੰਘ ਸੇਖੂਪੁਰ ਖੁਡਾਲ, ਰਾਮ ਸਿੰਘ, ਜਗਸੀਰ ਸਿੰਘ, ਸੁਖਚੈਨ ਕੌਰ ਸ਼ਾਮਲ ਸਨ |
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਲਗਾਏ ਮੋਰਚਿਆਂ ਨੂੰ ਅੱਜ ਅੱਠ ਮਹੀਨੇ ਪੂਰੇ ਹੋ ਗਏ। ਕਿਸਾਨਾਂ ਨੇ ਮੋਦੀ ਸਰਕਾਰ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਚ ਸੰਚਾਲਨ ਬਲਤੇਜ ਸਿੰਘ ਚੱਕ ਨੇ ਕੀਤਾ। ਬਿੱਕਰ ਸਿੰਘ ਪੂਹਲਾ ਨੇ ਜਾਗੋ ਪੇਸ਼ ਕੀਤੀ।
ਬਰਨਾਲਾ (ਖੇਤਰੀ ਪ੍ਰਤੀਨਿਧ): ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨ ਮੋਰਚੇ ਦੇ ਅੱਜ 240ਵੇਂ ਦਿਨ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਹਰ ਕੁਰਬਾਨੀ ਦੇ ਕੇ ਸੰਘਰਸ਼ ਦੀ ਸੂਹੀ ਲਾਟ ਨੂੰ ਮਘਦਾ ਰੱਖਣ ਲਈ ਸਮੂਹਿਕ ਅਹਿਦ ਕੀਤਾ ਗਿਆ | ਬੁੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਚਰਨਜੀਤ ਕੌਰ ਨੇ ਦੱਸਿਆ ਕਿ ਅੱਜ ਦੇ ਦਿਨ ਹੀ ਭਾਰਤੀ ਲੋਕਾਂ ਦੇ ਗਲੋਂ ਅੰਗਰੇਜਾਂ ਦੀ ਗੁੁਲਾਮੀ ਦਾ ਜੂਲਾ ਲਾਹੁੁਣ ਲਈ ਸ਼ਹੀਦ ਭਗਤ ਸਿੰਘ ਦੇ ਸਾਥੀ ਭਗਵਤੀ ਚਰਨ ਵੋਹਰਾ ਰਾਵੀ ਦਰਿਆ ਦੇ ਕੰਢੇ ਬੰਬ ਟੈਸਟ ਕਰਨ ਸਮੇਂ ਫਟ ਜਾਣ ਕਰਕੇ ਮੌਕੇ ਤੇ ਹੀ ਸ਼ਹਾਦਤ ਦਾ ਜਾਮ ਪੀ ਗਿਆ ਸੀ|
ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਪਿਛਲੇ 25 ਦਸੰਬਰ ਤੋਂ ਭਾਵਦੀਨ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਕਰਕੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਏ ਅਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਟੌਲ ਪਲਾਜਿਆਂ ਨੂੰ ਪਰਚੀ ਮੁਕਤ ਰੱਖਿਆ ਜਾਏ।ਇਹ ਜਾਣਕਾਰੀ ਭਾਵਦੀਨ ਟੌਲ ਪਲਾਜ਼ਾ ਕਮੇਟੀ ਦੇ ਸੱਕਤਰ ਰਾਮ ਚੰਦਰ ਸਾਬਕਾ ਸਰਪੰਚ ਨੇ ਦਿੱਤੀ।