ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਖੇਤੀ ਕਾਨੂੰਨਾਂ ਵਿਰੁੱਧ ਬੇਸਿੱਟਾ ਵਾਪਸੀ ਤੋਂ ਬਾਅਦ ਮਾਲਵਾ ਖੇਤਰ ਦੇ ਕਿਸਾਨਾਂ ਵਿੱਚ ਕੇਂਦਰ ਸਰਕਾਰ ਵਿਰੁੱਧ ਰੋਹ ਭਖ ਗਿਆ ਹੈ। ਰੋਜ਼ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਮੋਦੀ ਵਿਰੁੱਧ ਰੇਲਵੇ ਲਾਈਨਾਂ ਸਮੇਤ ਹੋਰ ਥਾਵਾਂ ’ਤੇ ਲਾਏ ਜਾਂਦੇ ਧਰਨਿਆਂ ਦੌਰਾਨ ਗਰਜ਼ੇ ਹਨ। ਕਿਸਾਨਾਂ ਦੇ ਗੁੱਸੇ ਨੇ ਸੰਘਰਸ਼ੀ ਆਗੂਆਂ ਦਾ ਹੌਸਲਾ ਵਧਾਇਆ ਹੈ ਅਤੇ ਉਨ੍ਹਾਂ ਦੂਣੇ-ਚੌਣੇ ਹੋਕੇ ਅੰਨਦਾਤਾ ਨੂੰ ਸੈਂਟਰ ਸਰਕਾਰ ਵਿਰੁੱਧ ਛੇਤੀ ਜੰਗ ਜਿੱਤਣ ਦਾ ਹੋਕਾ ਦਿੱਤਾ ਹੈ।
ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਅੱਜ ਸ਼ਹਿਰ ਦੇ ਕੌਮੀ ਮਾਰਗ ’ਤੇ ਪੈਂਦੇ ਰਿਲਾਇੰਸ ਪੈਟਰੌਲ ਪੰਪ ਅੱਗੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅਰੰਭੇ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸੀਪੀਐੱਮ ਦੇ ਸੀਨੀਅਰ ਆਗੂ ਕਾਮਰੇਡ ਸਵਰਨ ਸਿੰਘ ਦਲਿਓ, ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ, ਭੁਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਖੇਤੀ ਧੰਦੇ ਨੂੰ ਬਰਬਾਦ ਕਰ ਦੇਣ ਵਾਲੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨ ਸਹਿਨ ਨਹੀਂ ਕਰਾਂਗੇ।
ਭੀਖੀ (ਪੱਤਰ ਪ੍ਰੇਰਕ): ਸਥਾਨਕ ਰਿਲਾਇੰਸ ਪੰਪ ਅੱਗੇ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਉਤੇ ਲੱਗਾ ਧਰਨਾ ਅੱਜ ਚੌਦਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਦਿੱਲੀ ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਬੁਲਾ ਕੇ ਗੱਲਬਾਤ ਨਾ ਕਰਨਾ ਮੰਦਭਾਗੀ ਘਟਨਾ ਹੈ। ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਗੁਰਮੀਤ ਸਿੰਘ ਗੀਤੀ ਹੋਡਲਾ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀ ਤੋਂ ਉਪਰ ਉਠ ਕੇ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਸਾਦਿਕ (ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪਿੰਡ ਮਹਿਮੂਆਣਾ ਵਿਚ ਮੀਟਿੰਗ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸਾਦਿਕ ਬਲਾਕ ਪ੍ਰਧਾਨ ਗੁਰਜੋਤ ਸਿੰਘ ਡੋਡ ਤੇ ਸੈਕਟਰੀ ਜਗੀਰ ਸਿੰਘ ਨੇ ਆਖਿਆ ਕਿ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਕੇਂਦਰ ਵੱਲੋਂ ਲਿਆਂਦੇ ਖੇਤੀ ਮਾਰੂ ਕਾਨੂੰਨਾਂ ਤੇ ਲਗਾਤਾਰ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਦਿੱਲੀ ਸੱਦ ਕੇ ਗੱਲਬਾਤ ਦਾ ਸਹੀ ਰੁੱਖ ਨਾ ਅਪਣਾਉਣਾ ਨਿੰਦਣਯੋਗ ਹੈ।
ਗਿੱਦੜਬਾਹਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਨਵੇਂ ਖੇਤੀ ਕਾਨੂੰਨਾਂ ਤੇ ਬਿਜਲੀ ਬਿੱਲ ਦੇ ਵਿਰੋਧ ਵਿਚ ਪਿੰਡ ਫ਼ਕਰਸਰ ਨੇੜੇ, ਪਿੰਡੀ ਸਾਹਿਬ ਵਿਚ ਰੇਲ ਦੀ ਪਟੜੀ ’ਤੇ ਲਗਾਇਆ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿਚ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਤੇ ਲਾਭ ਰਾਜਸਧਾਨੀ ਨੇ ਵੀ ਸ਼ਮੂਲੀਅਤ ਕਰ ਕੇ ਕਿਸਾਨਾਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ।
ਭਦੌੜ (ਪੱਤਰ ਪ੍ਰੇਰਕ): ਖੇਤੀਬਾੜੀ ਕਾਨੂੰਨ ਨੂੰ ਲੈ ਕੇ ਇੱਥੇ ਰਿਲਾਇੰਸ ਪੰਪ ’ਤੇ ਦਿੱਤੇ ਜਾ ਰਹੇ ਧਰਨੇ ਦੇ 15ਵੇਂ ਦਿਨ ਵੀ ਲੋਕਾਂ ਦਾ ਉਤਸ਼ਾਹ ਨਹੀਂ ਘਟਿਆ ਤੇ ਦਿਨੋਂ ਦਿਨ ਦਾ ਕਾਫ਼ਲਾ ਵਧਦਾ ਜਾ ਰਿਹਾ ਹੈ।
ਮਹਿਲ ਕਲਾਂ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਅੱਗੇ ਲਗਾਇਆ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ ਤੇ ਅੱਜ ਵੀ ਕਿਸਾਨਾਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਵਾਹਨਾਂ ਨੂੰ ਬਗੈਰ ਟੌਲ ਟੈਕਸ ਦਿੱਤਿਆਂ ਲੰਘਾਇਆ ਗਿਆ। ਅੱਜ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਬੁਲਾ ਕੇ ਪੰਜਾਬ ਦੇ ਕਿਸਾਨ ਆਗੂਆਂ ਦੀ ਸਾਰ ਨਹੀਂ ਲਈ ਅਤੇ ਖੇਤੀਬਾੜੀ ਮੰਤਰੀ ਦਾ ਦਿੱਲੀ ਵਿਚ ਕਿਸਾਨ ਮੀਟਿੰਗ ਵਿੱਚ ਸ਼ਾਮਲ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ।
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਭਾਰਤੀਯ ਕਿਸਾਨ ਯੂਨੀਅਨ ਏਕਤਾ ਉਗਰਾਹ ਗਰੁੱਪ ਜ਼ਿਲ੍ਹਾ ਫਾਜ਼ਿਲਕਾ ਵੱਲੋਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ 15ਵੇਂ ਦਿਨ ਜਲਾਲਾਬਾਦ-ਫਿਰੋਜ਼ਪੁਰ ਰੋਡ ’ਤੇ ਟੌਲ ਪਲਾਜ਼ਾ ਮਾਹਮੂਜੋਈਆ, ਜਲਾਲਾਬਾਦ ਵਿਚ ਰਿਲਾਇੰਸ ਪੰਪ ਤੇ ਜਲਾਲਾਬਾਦ-ਫਾਜ਼ਿਲਕਾ ਰੋਡ ’ਤੇ ਥੇਹ ਕਲੰਦਰ ਟੌਲ ਪਲਾਜ਼ਾ ਦਾ ਘੇਰਾਓ ਜਾਰੀ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ, ਬੈਸਟ ਪ੍ਰਾਈਸ ਮਾਲ ਤੇ ਐੱਸਆਰ ਪੈਟਰੋਲ ਪੰਪ ਅੱਗੇ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਵੱਡੀ ਗਿਣਤੀ ’ਚ ਔਰਤਾਂ ਅਤੇ ਕਿਸਾਨ ਡਟੇ ਹੋਏ ਹਨ। ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸੁਧਾਰਾਂ ਦੇ ਨਾਂ ’ਤੇ ਕਿਸਾਨਾਂ ਦਾ ਉਜਾੜਾ ਕਰ ਰਹੀ ਹੈ।