ਜੋਗਿੰਦਰ ਸਿੰਘ ਮਾਨ
ਮਾਨਸਾ, 4 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਐਡਵੋਕੇਟ ਸੂਰਜ ਚੰਦ ਛਾਬੜਾ ਅਤੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਬਣਾਂਵਾਲਾ ਥਰਮਲ ਪਲਾਂਟ ਅੱਗੇ ਧਰਨਾ ਲਗਾਤਾਰ ਜਾਰੀ ਹੈ। ਅੱਜ ਭਾਜਪਾ ਆਗੂ ਦੇ ਘਰ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਾਧੂ ਸਿੰਘ ਅਲੀਸ਼ੇਰ ਨੇ ਕਿਹਾ ਕਿ ਦਿੱਲੀ ਦੀ ਹੱਦ ’ਤੇ ਕਿਸਾਨ ਠੰਢ ਵਿੱਚ ਡਟੇ ਹੋਏ ਹਨ, ਪਰ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੀ ਵਫ਼ਾਦਾਰੀ ਪੁਗਾਉਣ ਲਈ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਧਰ ਬਣਾਂਵਾਲਾ ਥਰਮਲ ਪਲਾਂਟ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਾਲੇ ਕਾਨੂੰਨ ਵਾਪਸ ਲੈਣ ਤੱਕ ਮੋਰਚਿਆਂ ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ।
ਬਰਨਾਲਾ (ਖੇਤਰੀ ਪ੍ਰਤੀਨਿਧ): ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ‘ਚ ਲੱਗੇ ਸਾਂਝੇ ਕਿਸਾਨ ਮੋਰਚੇ ‘ਚ ਅੱਜ ਬੁਲਾਰਿਆਂ ਨੇ ਕਿਹਾ ਕਿ ਇਸ ਸਾਂਝੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਲੋਕਾਈ ਦੇ ਸਾਰੇ ਮਿਹਨਤਕਸ਼ ਵਰਗ ਬਲ ਬਖ਼ਸ਼ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ 5 ਦਸੰਬਰ ਨੂੰ ਜਦ ਮੁਲਕ ਪੱਧਰ ਦੀਆਂ ਕਿਸਾਨ ਜਥੇਬੰਦੀਆਂ ਕੇਂਦਰੀ ਸਰਕਾਰ ਨਾਲ ਪੰਜਵੇਂ ਦੌਰ ਦੀ ਫੈਸਲਾਕੁੰਨ ਗੱਲਬਾਤ ਕਰਨਗੀਆਂ ਤਾਂ ਉਸੇ ਵਕਤ ਸੰਘਰਸ਼ਸ਼ੀਲਾਂ ਵੱਲੋਂ ਮੋਦੀ-ਸ਼ਾਹ ਅਤੇ ਉਨ੍ਹਾਂ ਦੇ ਚਹੇਤੀ ਅਡਾਨੀਆਂ, ਅੰਬਾਨੀਆਂ ਦੇ ਅਰਥੀ ਸਾੜ ਮੁਜ਼ਾਹਰੇ ਕੀਤੇ ਜਾਣਗੇ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਰਾਮਪੁਰਾ ਰੇਲਵੇ ਸਟੇਸ਼ਨ ’ਤੇ ਲੱਗੇ ਪੱਕੇ ਮੋਰਚੇ ਵਿੱਚ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਵਾ ਫੂਲੇਵਾਲਾ ਤੇ ਗੁਰਦੀਪ ਸਿੰਘ ਸੇਲਬਰਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਮਸਲੇ ਹੱਲ ਨਾ ਕਰਨ ਖ਼ਿਲਾਫ਼ 5 ਦਸੰਬਰ ਨੂੰ ਮੋਦੀ ਅਤੇ ਉਸ ਦੇ ਜੋਟੀਦਾਰ ਕਾਰਪੋਰੇਟ ਘਰਾਣਿਆਂ ਦੀ ਅਰਥੀ ਸਾੜੀ ਜਾਵੇਗੀ।
ਕਿਸਾਨ ਇਸਤਰੀ ਵਿੰਗ ਵੱਲੋਂ ਕੰਗਨਾ ਰਣੌਤ ਨੂੰ ਫਟਕਾਰ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਜ਼ ਅੱਗੇ 65 ਦਿਨਾਂ ਤੋਂ ਚੱਲ ਰਹੇ ਮੋਰਚਿਆਂ ਵਿੱਚ ਕੰਗਨਾ ਰਣੌਤ ਪ੍ਰਤੀ ਇਸਤਰੀ ਵਿੰਗ ਦਾ ਗੁੱਸਾ ਹਾਲੇ ਬਰਕਰਾਰ ਹੈ। ਲਹਿਰਾ ਬੇਗਾ ਟੌਲ ਪਲਾਜ਼ਾ ਮੋਰਚੇ ਵਿੱਚ ਕਿਸਾਨ ਇਸਤਰੀ ਵਿੰਗ ਦੀ ਆਗੂ ਹਰਪ੍ਰੀਤ ਕੌਰ ਨੇ ਕਿਹਾ ਕਿ ਕੰਗਨਾ ਰਣੌਤ ਔਰਤ ਵਰਗ ਲਈ ਕਲੰਕ ਹੈ। ਉਸ ਨੂੰ ਮਾਤਾ ਮਹਿੰਦਰ ਕੌਰ ਕੋਲੋਂ ਮੁਆਫ਼ੀ ਮੰਗ ਕੇ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ।