ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਦਸੰਬਰ
ਕਲਾਕਾਰਾਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਸ਼ਮੂਲੀਅਤ ਨੇ ਕਿਸਾਨ ਸੰਘਰਸ਼ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਜਿੱਥੇ ਦਿੱਲੀ ਵਿੱਚ ਕਿਸਾਨਾਂ ਨੇ ਮੋਰਚੇ ਸੰਭਾਲੇ ਹੋਏ ਹਨ, ਉੱਥੇ ਸੂਬੇ ’ਚ ਵੀ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਡਟੇ ਹੋਏ ਹਨ।
ਮੂਲ ਰੂਪ ’ਚ ਜ਼ਿਲ੍ਹੇ ਦੇ ਕਸਬਾ ਸਮਾਲਸਰ ਦਾ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿੱਚ ਰਹਿੰਦਾ ਨੌਜਵਾਨ ਗੁਰਪ੍ਰੀਤ ਸਿੰਘ ਬਰਾੜ ਆਪਣੀਆਂ ਦਿਲ ਟੁੰਬਵੀਆਂ ਪੇਂਟਿੰਗਾਂ ਨਾਲ ਜਿਥੇ ਅੰਦੋਲਨ ’ਚ ਨਵਾਂ ਜੋਸ਼ ਭਰ ਰਿਹਾ ਹੈ, ਉਥੇ ਉਹ ਦੁਨੀਆ ਭਰ ਦੇ ਲੋਕਾਂ ਨੂੰ ਇਸ ਸੰਘਰਸ਼ ਨਾਲ ਜੋੜ ਵੀ ਰਿਹਾ ਹੈ। ਦੁਨੀਆ ਦੀਆਂ ਮਸ਼ਹੂਰ ਹਸਤੀਆਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਸ ’ਤੇ ਉਸ ਦੀਆਂ ਪੇਟਿੰਗਾਂ ਸ਼ੇਅਰ ਕਰ ਰਹੀਆਂ ਹਨ ਤੇ ਅਮਰੀਕਾ ਦੇ ਕਈ ਪ੍ਰਸਿੱਧ ਅਦਾਰੇ ਇਨ੍ਹਾਂ ਪੇਟਿੰਗਾਂ ਨੂੰ ਆਪਣੇ ਦਫਤਰਾਂ ਵਿੱਚ ਸੁਸ਼ੋਭਿਤ ਕਰ ਰਹੇ ਹਨ।
ਜ਼ਿਲ੍ਹਾ ਰੂਰਲ ਐੱਨਜੀਓ ਕਲੱਬਜ਼ ਐਸੋਸੀਏਸ਼ਨ ਚੇਅਰਮੈਨ ਮਹਿੰਦਰਪਾਲ ਲੂੰਬਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਪਰਵਾਸੀ ਪੰਜਾਬੀਆਂ, ਕਲਾਕਾਰਾਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਸ਼ਮੂਲੀਅਤ ਨਾਲ ਅੰਦੋਲਨ ’ਚ ਨਵਾਂ ਜੋਸ਼ ਪੈਦਾ ਹੋਇਆ ਹੈ। ਉਹ ਟਰੱਕ ਡਰਾਈਵਰੀ ਕਰਦਾ ਹੈ ਤੇ ਸਮਾਂ ਮਿਲਣ ’ਤੇ ਪੇਂਟਿੰਗਾਂ ਬਣਾਉਂਦਾ ਹੈ।
ਪਰਵਾਸੀ ਪੰਜਾਬੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ’ਤੇ ਵੀ ਪਵੇਗਾ। ਉਸ ਨੇ ਕਿਹਾ ਕਿ ਉਹ ਭਾਵੇਂ ਵਿਦੇਸ਼ ’ਚ ਹਨ, ਪਰ ਉਹ ਪਰਿਵਾਰਾਂ, ਜਨਮ ਭੂੰਮੀ ਤੇ ਖੇਤੀ ਨਾਲ ਜੁੜੇ ਹੋਏ ਹਨ।