ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 14 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿਚ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਭਗਤਾ ਭਾਈ ਦੇ ਮੁੱਖ ਚੌਂਕ ਵਿਚ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤਰੁੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਕਿਸਾਨਾਂ ਨੇ ਮੋਟਰਸਾਈਕਲ ਮਾਰਚ ਕੀਤਾ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਕਰਨ ਦੀ ਮੰਗ ਨੂੰ ਲੈ ਕੇ 21 ਦਿਨਾਂ ਤੋਂ ਰੇਲਵੇ ਦਾ ਚੱਕਾ ਜਾਮ ਕਰ ਕੇ ਬੈਠੇ ਕਿਸਾਨਾਂ ਨੇ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੁੱਦੇ ’ਤੇ ਦਿੱਲੀ ਗਏ ਕਿਸਾਨ ਆਗੂਆਂ ਨਾਲ ਹੋਈ ਬੈਠਕ ਬੇਸਿੱਟਾ ਨਿਕਲਣ ਤੋਂ ਬਾਅਦ ਅੱਜ ਕਿਸਾਨਾਂ ਨੇ ਰੇਲਵੇ ਦਾ ਚੱਕਾ 17 ਅਕਤੂਬਰ ਤੱਕ ਜਾਮ ਰੱਖਣ ਦਾ ਐਲਾਨ ਕੀਤਾ ਹੈ।
ਲੰਬੀ (ਇਕਬਾਲ ਸਿੰਘ ਸ਼ਾਂਤ): ਖੇਤੀ ਕਾਨੂੰਨਾਂ ਖ਼ਿਲਾਫ਼ ਘੁਮਿਆਰਾ ਵਿੱਚ ਡੀਜ਼ਲ ਪੰਪ ਮੂਹਰੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਲੰਬੀ ਇਕਾਈ ਦੀ ਅਗਵਾਈ ਵਿੱਚ ਕਿਸਾਨਾਂ ਦਾ ਧਰਨਾ ਗਿਆਰ੍ਹਵੇਂ ਦਿਨ ਵੀ ਜਾਰੀ ਰਿਹਾ। ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਝੋਨੇ ਦੀ ਵਾਢੀ ਦੇ ਰੁਝੇਵੇਂ ਦੇ ਬਾਵਜੂਦ ਕਿਸਾਨਾਂ ਦਾ ਰੋਹ ਮੱਠਾ ਨਹੀਂ ਪਿਆ, ਜੋ ਇਸ ਗੱਲ ਦਾ ਸਬੂਤ ਹੈ ਕਿ ਕਿਸਾਨ ਕਿਸੇ ਵੀ ਕੀਮਤ ਤੇ ਇਨ੍ਹਾਂ ਮਾਰੂ ਖੇਤੀ ਕਾਨੂੰਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ।
ਸਿਰਸਾ (ਪ੍ਰਭੂ ਦਿਆਲ): ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਦਿਨੋਂ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦਾ ਜਿਥੇ ਖੇਤੀ ਕਾਨੂੰਨਾਂ ਦੇ ਵਿਰੁੱਧ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪੱਕਾ ਮੋਰਚਾ ਜਾਰੀ ਹੈ, ਉਥੇ ਹੀ ਕਿਸਾਨਾਂ ਨੇ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਅਨਾਜ ਮੰਡੀ ਤੱਕ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੋਹਾ (ਨਿਰੰਜਨ ਬੋਹਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਵੱਲੋਂ ਕਿਸਾਨੀ ਸੰਘਰਸ਼ ਤੇ ਰੇਲ ਰੋਕੋ ਅੰਦੋਲਨ ਨੂੰ ਅੱਗੇ ਵਧਾਉਂਦੇ ਹੋਏ ਅੱਜ ਬੋਹਾ ਖੇਤਰ ਦੇ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਖੇਤਰ ਦੇ ਪਿੰਡ ਉੱਡਤ ਸੈਦੇਵਾਲਾ ਵਿਚ ਕੀਤੀ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਖੇਤੀ ਤੇ ਕਾਰਪਰੇਟ ਜਗਤ ਦਾ ਕਬਜ਼ਾ ਕਰਵਾਉਣ ਲਈ ਹੀ ਇਹ ਬਣਾਏ ਹਨ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਨੌਜਵਾਨ ਭਾਰਤ ਸਭਾ ਵੱਲੋਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਘੋਲ ਨੂੰ ਹਰ ਹੀਲੇ ਬੁਲੰਦੀਆਂ ’ਤੇ ਪਹੁੰਚਾਉਣ ਲਈ ਬੁਰਜ ਦੁੱਨਾ, ਪੱਤੋ ,ਰਾਊਕੇ ,ਬਿਲਾਸਪੁਰ, ਨਿਹਾਲ ਸਿੰਘ ਵਾਲਾ ਆਦਿ ਵਿਚ ਮੀਟਿੰਗਾਂ ਕੀਤੀਆਂ ਗਈਆਂ। ਬੀਜੇਪੀ ਅਤੇ ਉਸ ਦੀ ਮਾਂ ਜਥੇਬੰਦੀ ਆਰਐੱਸਐੱਸ ਬਾਰੇ ਨੌਜਵਾਨ ਭਾਰਤ ਸਭਾ ਦੇ ਇਨਵਾਇਟੀ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਪੂਰਾ ਦੇਸ਼ ਸੜਕਾਂ ’ਤੇ ਹੈ, ਪਰ ਖੁਦ ਨੂੰ ਸਮਾਜਿਕ ਸੰਗਠਨ ਦੱਸਣ ਵਾਲੀ ਆਰਐੱਸਐੱਸ ਖਾਮੋਸ਼ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਕਿਸਾਨ ਜਥੇਬੰਦੀਆਂ ਦੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਨੂੰ ਉਸ ਵੇਲੇ ਬਲ ਮਿਲਿਆ,ਜਦੋਂ ਪੈਸਟੀਸਾਈਡ ਐਸੋਸੀਏਸ਼ਨ ਦੀ ਮਾਨਸਾ ਜਿਲ੍ਹਾ ਇਕਾਈ ਵੱਲ਼ੋਂ ਇਸ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।ਇਹ ਐਲਾਨ ਐਸੋਸੀਏਸ਼ਨ ਦੇ ਸੀਨੀਅਰ ਆਗੂ ਤਰਸੇਮ ਚੰਦ ਮਿੱਢਾ ਵੱਲੋਂ ਬਕਾਇਦਾ ਸੰਘਰਸ਼ੀ ਕਿਸਾਨਾਂ ਦੇ ਧਰਨੇ ਵਿੱਚ ਜਾਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਹੀ ਨਾ ਰਿਹਾ ਤਾਂ ਉਨ੍ਹਾਂ ਦਾ ਕਾਰੋਬਾਰ ਵੀ ਬਿਲਕੁਲ ਤਬਾਹ ਹੋ ਜਾਵੇਗਾ, ਇਸ ਲਈ ਉਹ ਕਿਸਾਨਾਂ ਦੇ ਇਸ ਸੰਘਰਸ਼ ਦੀ ਖੁੱਲੀ ਹਮਾਇਤ ਕਰਦੇ ਹੋਏ ਇਸ ਵਿੱਚ ਸਮੂਲੀਅਤ ਕਰਨ ਦਾ ਐਲਾਨ ਕਰਦੇ ਹਨ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ 14 ਦਿਨਾਂ ਤੋਂ ਰਿਲਾਇੰਸ ਪੰਪ ਅੱਗੇ ਚੱਲ ਰਹੇ ਮੋਰਚੇ ਵਿੱਚ ਅੱਜ ਵਰਕਰਾਂ ਲਈ ਜਲੇਬੀਆਂ ਦਾ ਲੰਗਰ ਲਗਾਇਆ। ਇਸ ਮੌਕੇ ਆਗੂ ਬਲਵਿੰਦਰ ਸਿੰਘ ਜੇਠੂਕੇ, ਲਖਵੀਰ ਸਿੰਘ, ਤੇਜਾ ਸਿੰਘ, ਕਰਮਜੀਤ ਸਿੰਘ, ਰਾਮਪਾਲ ਸਿੰਘ, ਗੁਰਦਾਸ ਸਿੰਘ, ਬਲਜੀਤ ਕੌਰ, ਸਰਬਜੀਤ ਕੌਰ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਖੇਤੀ ਕਨੂੰਨਾਂ ਦੇ ਲਾਗੂ ਹੋਣ ਨਾਲ ਪੰਜਾਬ ਦੇ 85 ਫੀਸਦੀ ਲੋਕ ਕੰਗਾਲ ਹੋ ਜਾਣਗੇ। ਖੇਤੀ ਬਿੱਲ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਵਾਲਾ ਅਤੇ ਪੂੰਜੀਪਤੀਆਂ ਦੀ ਸਰਦਾਰੀ ਕਾਇਮ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਇੱਕਜੁੱਟ ਹੋ ਕੇ ਸੰਘਰਸ਼ ਲੜਣ ਦਾ ਹੈ।
ਬਰਨਾਲਾ (ਪਰਸ਼ੋਤਮ ਬੱਲੀ): ਕੇਂਦਰੀ ਖੇਤੀ ਤੇ ਬਿਜਲੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ 14 ਦਿਨਾਂ ਤੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਰੇਲਾਂ ਦਾ ਪੱਹੀਆ ਜ਼ਾਮ ਕਰਕੇ ਬੈ ਠੇ ਕਿਸਾਨ ਮਰਦ-ਔਰਤਾਂ ਨੂੰ ਅੱਜ ਕੇਂਦਰ ਸਰਕਾਰ ਨਾਲ ਜਥੇਬੰਦਕ ਆਗੂਆਂ ਦੀ ਗੱਲਬਾਤ ਬੇਸਿੱਟਾਂ ਰਹਿਣ ਦਾ ਸੁਨੇਹਾ ਮਿਲਿਆ ਤਾਂ ਧਰਨਾਕਾਰੀਆਂ ਮੋਦੀ ਸਰਕਾਰ ਖਿਲਾਫ਼ ਅਕਾਸ਼ ਗੁੰਜਾਊ ਨਾਅਰੇਬਾਜ਼ੀ ਕਰ ਕੇ ਹੌਸਲੇ ਬੁਲੰਦ ਰਹਿਣ ਦਾ ਪ੍ਰਮਾਣ ਦਿੱਤਾ।
ਸਕੂਲੀ ਬੱਚਿਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰਾ
ਬੁਢਲਾਡਾ (ਐੱਨਪੀ ਸਿੰਘ): ਦੇਸ਼ ਵਿਚਲੇ ਵੱਡੇ ਦਿਓਕੱਦ ਸਰਮਾਇਦਾਰਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨ ਹੜੱਪਣ ਦੇ ਮਨਸੇ ਨਾਲ ਜਾਰੀ ਹੋਏ ਖੇਤੀ ਕਾਨੂੰਨਾਂ ਵਿਰੁੱਧ ਹੁਣ ਪਿੰਡਾਂ ਵਿਚਲੇ ਸਕੂਲੀ ਵਿਦਿਆਰਥੀ ਬੱਚੇ ਵੀ ਕਿਸਾਨੀ ਘੋਲਾਂ ਵਿੱਚ ਆਪਣੀ ਹਿੱਸੇਦਾਰੀ ਪਾਉਣ ਲੱਗੇ ਹਨ। ਪਿੰਡ ਗੁਰਨੇ ਕਲਾਂ ਦੇ ਸਕੂਲੀ ਲੜਕੇ ਤੇ ਲੜਕੀਆਂ ਨੇ ਆਪਣੇ ਪਿੰਡ ਦੇ ਕਿਸਾਨਾਂ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦਿਆਂ ਪਿੰਡ ਵਿੱਚ ਹੀ ਰੋਸ ਮੁਜ਼ਾਹਰਾ ਕੀਤਾ। ਪਿੰਡ ਦੀ ਸੱਥ ਵਾਲੇ ਦਰਵਾਜ਼ੇ ਤੋਂ ਸ਼ੁਰੂ ਕਰ ਕੇ ਪਿੰਡ ਦੀਆਂ ਗਲੀਆਂ ਵਿੱਚ ਮੋਦੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਕਰਦਿਆਂ ਇਹ ਰੋਸ ਮੁਜ਼ਾਹਰਾ ਪਿੰਡ ਵਿੱਚੋਂ ਦੀ ਲੰਘਦੇ ਕੌਮੀ ਮਾਰਗ ’ਤੇ ਖਤਮ ਹੋਇਆ।
ਰੇਲਵੇ ਸਟੇਸ਼ਨ ਰਾਮਪੁਰਾ ਵਿਚ ਨਾਟਕ ‘ਮਦਾਰੀ’ ਖੇਡਿਆ
ਰਾਮਪੁਰਾ ਫੂਲ (ਗੁਰਜੀਤ ਭੁੱਲਰ): ਲੋਕ ਪੱਖੀ ਕਹਾਣੀਕਾਰ ਗੁਰਮੀਤ ਕੜਿਆਲਵੀ ਵੱਲੋਂ ਮੌਜੂਦਾ ਕਿਸਾਨੀ ਸੰਘਰਸ਼ ਨੂੰ ਲੈ ਕੇ ਲਿਖਿਆ ਗਿਆ ਨਾਟਕ ‘ਮਦਾਰੀ’ ਕਿਸਾਨਾਂ ਦੇ ਧਰਨਿਆਂ ਵਿੱਚ ਲਗਾਤਾਰ ਖੇਡਿਆ ਜਾ ਰਿਹਾ ਹੈ। ਕੀਰਤੀ ਕਿਰਪਾਲ ਦੀ ਟੀਮ ‘ਨਾਟਿਯਮ ਬਠਿੰਡਾ’ ਵੱਲੋਂ ਨਿਤਿਨ ਰਾਜਦੇਵ ਸੁਖਾਂਟੋ, ਸੰਦੀਪ ਡੋਡ, ਹਰਪ੍ਰੀਤ, ਕੀਰਤੀ ਕਿਰਪਾਲ ਤੇ ਰਮਨਦੀਪ ਕੌਰ ਬਾਹੀਆ ਆਧਾਰਿਤ ਟੀਮ ਨਾਲ ‘ਮਦਾਰੀ’ ਦੀ ਪਹਿਲੀ ਪੇਸ਼ਕਾਰੀ 3 ਅਕਤੂਬਰ ਨੂੰ ਰੇਲਵੇ ਸਟੇਸ਼ਨ ਬਠਿੰਡਾ ਵਿਚ ਕਿਸਾਨ ਯੂਨੀਅਨ ਦੇ ਧਰਨੇ ’ਚ ਕੀਤੀ ਗਈ ਸੀ। ਗੁਰਮੀਤ ਕੜਿਆਲਵੀ ਵੱਲੋਂ ਲਿਖਿਆ ਗਿਆ ਇਹ ਨਾਟਕ ਹਾਕਮਾਂ ਵੱਲੋਂ ਕੀਤੇ ਗਏ ਵੱਖ-ਵੱਖ ਲੋਕ ਵਿਰੋਧੀ ਫੈ਼ਸਲਿਆਂ ਨੂੰ ਲੈ ਕੇ ਤਿੱਖਾ ਵਿਅੰਗ ਸਿਰਜਦਾ ਹੈ।
ਧਰਨੇ ’ਤੇ ਬੈਠੇ ਕਿਸਾਨਾਂ ਲਈ ਲੰਗਰ ਦੀ ਸੇਵਾ
ਬਰੇਟਾ, (ਸਤ ਪ੍ਰਕਾਸ਼ ਸਿੰਗਲਾ): ਸਥਾਨਕ ਰੇਲਵੇ ਸਟੇਸਨ ਦੀਆਂ ਲਾਈਨਾਂ ਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਅੱਜ ਵੀ ਜਾਰੀ ਰਿਹਾ। ਵੱਖ-ਵੱਲ ਬੁਲਾਰਿਆਂ ਨੇ ਆਪੋ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਇਸ ਦੋਰਾਨ ਬਰੇਟਾ ਪਿੰਡ ਵਾਲੇ ਗੁਰਦੁਆਰਾ ਸਾਹਿਬ ਵਿਚ ਪਿੰਡ ਦੇ ਸਮੂਹ ਲੋਕਾਂ ਵੱਲੋਂ ਇੱਕਠ ਕਰ ਕੇ ਕਿਸਾਨਾਂ ਦੇ ਰੇਲ ਰੋਕੋ ਸੰਘਰਸ਼ ਦੀ ਪੁਰਜੋਰ ਹਮਾਇਤ ਕਰਦਿਆਂ ਇੱਕਠ ਵੱਲੋਂ ਲੰਗਰ ਤਿਆਰ ਕਰਨ, ਲੰਗਰ ਵੰਡਣ ਲਈ ਡਿਊਟੀਆਂ ਲਗਾਈਆਂ ਗਈਆ ਤੇ ਸਹਾਇਤਾ ਫੰਡ ਇੱਕਠਾ ਕਰਕੇ ਦੇਣ ਲਈ ਫੈ਼ਸਲਾ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਦਿਨੀਂ ਪਿੰਡ ਕਿਸਨਗੜ ਦੇ ਜਿਸ ਕਿਸਾਨ ਵਜੀਰ ਸਿੰਘ ਦੀ ਸੰੰਘਰਸ ਤੋਂ ਪਰਤਦੇ ਸਮੇਂ ਸੜਕ ਦੁਰਘਟਨਾ ਸਮੇ ਮੋਤ ਹੋ ਗਈ ਸੀ, ਉਸ ਨਮਿੱਤ ਅੱਜ ਕਿਸਨਗੜ ਵਿਚ ਭੋਗ ਸਮੇਂ ਸ਼ਰਧਾਜਲੀ ਭੇਟ ਕੀਤੀ।