ਰਵਿੰਦਰ ਰਵੀ
ਬਰਨਾਲਾ, 20 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਵੱਲੋਂ ਜ਼ਿਲ੍ਹਾ ਕਿਸਾਨ ਆਗੂ ਜਰਨੈਲ ਸਿੰਘ ਬਦਰਾ ਦੀ ਅਗਵਾਈ ’ਚ ਕਰੀਬ 300 ਟਰੈਕਟਰਾਂ ਦੇ ਕਾਫਲੇ ਨਾਲ 26 ਜਨਵਰੀ ਦੀ ਤਿਆਰੀ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਪਿੰਡ ਕਾਲੇਕੇ ਤੋਂ ਸ਼ੁਰੂ ਹੋ ਕੇ ਬਦਰਾ, ਭੈਣੀ ਫੱਤਾ ਕੋਠੇ ਵਹਿਗੂਰਪੂਰਾ ਰਾਜੀਆ, ਕੋਟਦੂੱਨਾ, ਅਸਪਾਲ ਕਲਾਂ, ਅਸਪਾਲ ਖੁਰਦ, ਕੁੱਬੇ, ਅਤਰ ਸਿੰਘ ਵਾਲਾ ਤੇ ਧਨੌਲਾ ਤੋਂ ਹੁੰਦਾ ਹੋਇਆ ਜਵੰਧਾ ਪਿੰਡੀ ਜਾ ਕੇ ਸਮਾਪਤ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਬਦਰਾ ਨੇ ਦੱਸਿਆ ਕਿ 26 ਜਨਵਰੀ ਦੀ ਤਿਆਰੀ ਨੂੰ ਲੈ ਕੇ ਪਿੰਡਾਂ ’ਚ ਹਰ ਵਰਗ ਨੂੰ ਜਾਗਰੂਕ ਕਰਨ ਲਈ ਤੇ ਸਰਕਾਰ ਨੂੰ ਚੇਤਾਵਨੀ ਦੇਣ ਲਈ ਮਾਰਚ ਸ਼ਾਂਤਮਈ ਢੰਗ ਨਾਲ ਕੱਢਿਆ ਗਿਆ ਹੈ। ਟੱਲੇਵਾਲ (ਲਖਵੀਰ ਸਿੰਘ ਚੀਮਾ): ਪਿੰਡ ਚੂੰਘਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਔਰਤਾਂ ਵਲੋਂ ਜਾਗੋ ਕੱਢੀ ਗਈ। ਇਸ ਜਾਗੋ ਰਾਹੀਂ ਔਰਤਾਂ ਨੇ ਕਿਸਾਨਾਂ ਨੂੰ ਦਿੱਲੀ ਮੋਰਚੇ ਵਿੱਚ ਜਾਣ ਦਾ ਹੋਕਾ ਦਿੱਤਾ। ਇਸ ਮੌਕੇ ਰਾਜਿੰਦਰ ਕੌਰ, ਪਰਮਜੀਤ ਕੌਰ, ਗੁਰਨਾਮ ਸਿੰਘ ਕੌਰ ਅਤੇ ਸੰਦੀਪ ਕੌਰ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਹੋਂਦ ਨਾਲ ਜੁੜੇ ਹੋਏ ਹਨ, ਜਿਸ ਕਰਕੇ ਆਪਣੀ ਹੋਂਦ ਬਚਾਉਣ ਲਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਬਹੁਤ ਜ਼ਰੂਰੀ ਹੈ। ਕਿਸਾਨਾਂ ਵਲੋਂ ਲੜੇ ਜਾ ਰਹੇ ਇਸ ਸੰਘਰਸ਼ ਵਿੱਚ ਔਰਤਾਂ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾ ਰਿਹਾ ਹੈ।
ਭੁੱਚੋ ਮੰਡੀ (ਪਵਨ ਗੋਇਲ): ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ 26 ਜਨਵਰੀ ਨੂੰ ਖੇਤੀ ਕਾਨੂੰਨਾਂ ਅਤੇ ਦਲਿਤਾਂ ’ਤੇ ਕੀਤੇ ਜਾ ਰਹੇ ਜਬਰ ਦੇ ਵਿਰੁੱਧ ਮੋਦੀ ਸਰਕਾਰ ਖ਼ਿਲਾਫ਼ ਰਾਮਪੁਰਾ, ਗੋਨਿਆਣਾ ਅਤੇ ਭਗਤਾ ਭਾਈ ਵਿੱਚ ਵਿਸ਼ਾਲ ਰੋਸ ਮਾਰਚ ਦਾ ਐਲਾਨ ਕੀਤਾ। ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਤੀਰਥ ਸਿੰਘ ਨੇ ਮਜ਼ਦੂਰਾਂ ਨੂੰ ਮਾਰਚਾਂ ਵਿੱਚ ਭਾਰੀ ਸ਼ਮੂਲੀਅਤ ਦਾ ਸੱਦਾ ਦਿੱਤਾ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਟਰੈਕਟਰ ਪਰੇਡ ਦੀ ਤਿਆਰੀ ਵਜੋਂ ਕਿਰਤੀ ਕਿਸਾਨ ਯੂਨੀਅਨ ਵੱਲੋਂਂ ਪਿੰਡ ਰਾਊਕੇ ਕਲਾਂ ਤੋਂ ਜ਼ਫ਼ਰਨਾਮਾ ਸਾਹਿਬ (ਦੀਨਾ) ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਨਾਜਰ ਸਿੰਘ ਖਾਈ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਮਾਣੂੰਕੇ, ਬਲਕਰਨ ਸਿੰਘ ਮੱਲੇਆਣਾ ਤੇ ਗੁਰਨਿਸ਼ਾਨ ਸਿੰਘ ਨੇ ਸੰਬੋਧਨ ਕੀਤਾ।
ਭੀਖੀ (ਪੱਤਰ ਪ੍ਰੇਰਕ): ਇਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂਂ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਜਾਣ ਤੋਂ ਇਲਾਵਾ ਕਿਸਾਨਾਂ ਵੱਲੋਂਂ ਬਲਾਕ ਪੱਧਰੀ ਟਰੈਕਰ ਰੈਲੀ ਕੀਤੀ ਜਾਵੇਗੀ।
ਮੰਡੀ ਲੱਖੇਵਾਲੀ (ਜਸਪ੍ਰੀਤ ਸਿੰਘ ਸੇਖੋਂ): ਪਿੰਡ ਭਾਗਸਰ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂਂ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਫ਼ੈਸਲਾ ਕੀਤਾ ਕਿ ਦਿੱਲੀ ਵਿਚ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਮੋਰਚੇ ਨੂੰ ਹੋਰ ਵਿਸ਼ਾਲ ਕਰਨ ਲਈ ਕੱਲ੍ਹ ਨੂੰ ਬਲਾਕ ਦੇ ਪਿੰਡ ਭਾਗਸਰ ਤੋਂ ਟਰੈਕਟਰਾਂ ਮਾਰਚ ਕੱਢਿਆ ਜਾਵੇਗਾ।
ਨਥਾਣਾ (ਭਗਵਾਨ ਦਾਸ ਗਰਗ): ਲੋਕ ਮੋਰਚਾ ਪੰਜਾਬ ਨੇ ਖੇਤੀ ਕਾਨੂੰਨਾਂ ਖਿਲਾਫ਼ ਪਿੰਡ ਗੋਬਿੰਦਪੁਰਾ ਵਿੱਚ ਇੱਕ ਮੀਟਿੰਗ ਕੀਤੀ। ਇਸ ਦੌਰਾਨ ਜਥੇਬੰਦੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਆਗੂ ਗੁਰਮੁਖ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਮੋਰਚੇ ਦੀ ਹਮਾਇਤ ਕੀਤੀ ਜਾਵੇਗੀ। ਇਸ ਦੌਰਾਨ ਬੁਲਾਰਿਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਦਿੱਲੀ ਪੁੱਜਣ ਦਾ ਸੱਦਾ ਦਿੱਤਾ।
ਸ਼ਹੀਦ ਠੀਕਰੀਵਾਲਾ ਨੂੰ ਸਮਰਪਿਤ ਰਿਹਾ ਮਹਿਲ ਕਲਾਂ ਦਾ ਮੋਰਚਾ
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖਿਲਾਫ ਲੱਗਿਆ ਮਹਿਲ ਕਲਾਂ ਦਾ ਪੱਕਾ ਕਿਸਾਨ ਮੋਰਚਾ ਅੱਜ ਪਰਜਾ ਮੰਡਲ ਲਹਿਰ ਦੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸਮਰਪਿਤ ਰਿਹਾ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ, ਜੱਗਾ ਸਿੰਘ ਛਾਪਾ, ਗੁਰਦੇਵ ਸਿੰਘ ਮਾਂਗੇਵਾਲ ਤੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਸੰਬੋਧਨ ਕੀਤਾ।
ਮੋਰਚੇ ’ਤੇ ਡਟੇ ਕਿਸਾਨਾਂ ਨੇ ਪ੍ਰਕਾਸ਼ ਪੁਰਬ ਮਨਾਇਆ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਾਂਝੇ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਾਮੁਪਰਾ ਫੁੂਲ ਦੇ ਰੇਲਵੇ ਸਟੇਸ਼ਨ ’ਤੇ ਲਗਾਇਆ ਮੋਰਚਾ 112ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਮੋਰਚੇ ਵਿੱਚ ਡਟੇ ਕਿਸਾਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਹਰਮੇਸ਼ ਕੁਮਾਰ ਰਾਮਪੁਰਾ, ਸੁਖਵਿੰਦਰ ਸਿੰਘ ਢਪਾਲੀ ਤੇ ਮੱਖਣ ਸਿੰਘ ਸੇਲਬਰਾਹ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਰੰਗ ਮੰਚ ਟੀਮ ਬਰਨਾਲਾ ਵੱਲੋਂ ਕਲਮਾਂ ਦੇ ਬੋਲ ਅਤੇ ਗੋਦੀ ਮੀਡੀਆ ਨਾਟਕ ਵੀ ਖੇਡਿਆ ਗਿਆ ਅਤੇ ਮਾਸਟਰ ਵਿਸੇਸਵਾ ਨੰਦ ਨੇ ਗੀਤ ਪੇਸ਼ ਕਰਕੇ ਮੋਰਚੇ ਅੰਦਰ ਜੋਸ਼ ਭਰਿਆ। ਇਸ ਮੌਕੇ ਬੀਕੇਯੂ ਡਕੌਂਦਾ ਦੇ ਜਵਾਲਾ ਸਿੰਘ, ਬਲਜੀਤ ਕੌਰ ਰਾਮਪੁਰਾ, ਆਸਾ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ।
ਸਿਰਸਾ ਵਿੱਚ ਵਿਦਿਆਰਥੀਆਂ ਵੱਲੋਂ ਕਾਰ ਰੈਲੀ
ਸਿਰਸਾ (ਪ੍ਰਭੂ ਦਿਆਲ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ’ਚ ਹੁਣ ਨੌਜਵਾਨ ਤੇ ਵਿਦਿਆਰਥੀ ਵੀ ਕੁੱਦ ਪਏ ਹਨ। ਇਸੇ ਲੜੀ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਇਕ ਜਥਾ ਸ਼ਹੀਦੇ-ਏ-ਆਜ਼ਮ ਸਟੂਡੈਂਟਸ ਐਸੋਸੀਏਸ਼ਨ ਦੇ ਬੈਨਰ ਹੇਠ ਸਿਰਸਾ ਤੋਂ ਦਿੱਲੀ ਲਈ ਰਵਾਨਾ ਹੋਇਆ ਹੈ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਕਾਰ ਰੈਲੀ ਕੱਢੀ। ਵਿਦਿਆਰਥੀਆਂ ਦੇ ਕਾਰ ਕਾਫਲੇ ਨੂੰ ਵਿਦਿਆਰਥੀ ਆਗੂ ਪ੍ਰਵੀਨ ਅਤਰੀ, ਅਜੈਪਾਲ ਕੜਵਾਸਰਾ, ਬਿਲੂ ਬਿਸ਼ਨੋਈ, ਵਿਕਾਸ ਰੇਡੂ , ਹਰਸ਼ ਜਾਖੜ ਆਦਿ ਨੇ ਝਡੀ ਦਿਖਾ ਕੇ ਰਵਾਨਾ ਕੀਤਾ।