ਪਰਸ਼ੋਤਮ ਬੱਲੀ
ਬਰਨਾਲਾ, 7 ਅਪਰੈਲ
ਸੰਯੁੁਕਤ ਕਿਸਾਨ ਮੋਰਚੇ ਦੁੁਆਰਾ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ, ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਅਤੇ ਬਿਜਲੀ ਸੋਧ ਬਿੱਲ ਵਾਪਸ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ਦੇ 189ਵੇਂ ਦਿਨ ਵੀ ਜੋਸ਼ ਪਹਿਲੇ ਦਿਨ ਦੀ ਤਰ੍ਹਾਂ ਹੀ ਬਰਕਰਾਰ ਹੈ | ਅੱਜ ‘ਲਾਈਫ ਆਨ ਸਟੇਜ’ ਮੋਗਾ ਦੀ ਰੰਗਮੰਚ ਟੀਮ ਨੇ ਜਸ ਰਿਆਜ਼ ਦੀ ਨਿਰਦੇਸ਼ਨਾ ਹੇਠ ‘ਡਰਨਾ’ ਨਾਟਕ ਪੇਸ਼ ਕੀਤਾ| ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਗੁੁਰਦੇਵ ਸਿੰਘ ਮਾਂਗੇਵਾਲ, ਚਰਨਜੀਤ ਕੌਰ, ਨਰੈਣ ਦੱਤ, ਪ੍ਰੇਮਪਾਲ ਕੌਰ, ਗੋਰਾ ਸਿੰਘ ਢਿਲਵਾਂ, ਮਹਿਮਾ ਸਿੰਘ ਢਿਲਵਾਂ, ਬਾਬੂ ਸਿੰਘ ਖੁੱਡੀ, ਨਛੱਤਰ ਸਿੰਘ ਸਾਹੌਰ, ਹਰਚਰਨ ਚੰਨਾ, ਗੁੁਰਨਾਮ ਸਿੰਘ ਠੀਕਰੀਵਾਲਾ, ਖੁੁਸ਼ੀਆ ਸਿੰਘ ਤੇ ਮਨਜੀਤ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ, ਦੋਵਾਂ ਸਰਕਾਰਾਂ ਵਿਰੁੱਧ ਸੰਘਰਸ਼ ਕਰਨਾ ਪੈਣਾ ਹੈ| ਅਪਰੈਲ ਮਹੀਨੇ ਦੇ ਉਲੀਕੇ ਪ੍ਰੋਗਰਾਮਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ| ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਲੱਖਾਂ ਲੋਕਾਂ ਵੱਲੋਂ ਪਾਰਲੀਮੈਂਟ ਵੱਲ ਪੈਦਲ ਮਾਰਚ ਕੀਤਾ ਜਾਵੇਗਾ|
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੈਟਰੋਲ ਪੰਪ ਅਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਰੇਲਵੇ ਦੀ ਪਾਰਕਿੰਗ ਵਿੱਚ ਧਰਨੇ ਲਗਾਤਾਰ ਜਾਰੀ ਹਨ। ਅੱਜ ਧਰਨਿਆਂ ਦੌਰਾਨ ਖੇਤੀ ਕਾਨੂੰਨਾਂ ਦੇ ਨਾਲ-ਨਾਲ ਸਕੂਲ ਬੰਦ ਰੱਖਣ ਦਾ ਵੀ ਵਿਰੋਧ ਕੀਤਾ ਗਿਆ। ਅੱਜ ਸਿੱਖਿਆ ਬਚਾਓ ਕਮੇਟੀ ਦੇ ਸਮਰਥਨ ਵਿੱਚ ਸਮੂਹਕ ਤੌਰ ’ਤੇ ਅਨਾਜ ਮੰਡੀ ਵਿੱਚ ਰੈਲੀ ਕੀਤੀ ਗਈ। ਇਸ ਮਗਰੋਂ ਮਾਰਚ ਕਰਦਿਆਂ ਕੈਂਚੀਆਂ ’ਤੇ ਪੁੱਜ ਕੇ ਧਰਨਾ ਲਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਸਕੂਲਾਂ ਨੂੰ ਬੰਦ ਕਰ ਕੇ ਸਰਕਾਰ ਬੱਚਿਆਂ ਨਾਲ ਖਿਲਵਾੜ ਹੋ ਰਿਹਾ ਹੈ। ਬੁਲਾਰਿਆਂ ਨੇ ਸਰਕਾਰ ਤੋਂ ਤੁਰੰਤ ਸਕੂਲ ਖੋਲ੍ਹਣ ਦੀ ਮੰਗ ਕੀਤੀ।
ਬੁਢਲਾਡਾ (ਐੱਨਪੀ ਸਿੰਘ): ਇੱਥੇ ਚੱਲ ਰਿਹਾ ਕਿਸਾਨ ਧਰਨਾ ਅੱਜ 188ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਕਿਸਾਨ ਆਗੂ ਤੇਲੂ ਰਾਮ ਅਹਿਮਦਪੁਰ, ਜਸਵੰਤ ਸਿੰਘ ਬੀਰੋਕੇ, ਸ਼ਿੰਗਾਰਾ ਸਿੰਘ ਦੋਦੜਾ, ਹਰਮੀਤ ਬੋੜਾਵਾਲ ਅਤੇ ਹਰਿੰਦਰ ਸੋਢੀ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਸ਼ਾਂਤੀ ਦੇ ਆਧਾਰ ’ਤੇ ਰੱਦ ਕਰਵਾ ਕੇ ਹੀ ਦਿੱਲੀ ਤੋਂ ਵਾਪਸ ਮੁੜਨਗੇ। ਇਸ ਮੌਕੇ ਸਵਰਨਜੀਤ ਸਿੰਘ ਦਲਿਓ, ਕੌਰ ਸਿੰਘ ਮੰਡੇਰ, ਦਰਸ਼ਨ ਸਿੰਘ ਰੱਲੀ, ਮਹਿੰਦਰ ਗੁੜੱਦੀ, ਜਵਾਲਾ ਸਿੰਘ ਗੁਰਨੇਖੁਰਦ, ਸੁਖਦੇਵ ਸਿੰਘ ਬੋੜਾਵਾਲ ਨੇ ਸੰਬੋਧਨ ਕੀਤਾ।
ਕਿਸਾਨ ਫ਼ਸਲਾਂ ਤੇ ਔਰਤਾਂ ਸੰਭਾਲਣਗੀਆਂ ਕਿਸਾਨ ਮੋਰਚੇ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਚੱਕ ਬਖਤੂ ਵਿੱਚ ਔਰਤ ਵਿੰਗ ਦੀ ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾ ਅਤੇ ਪਰਮਜੀਤ ਕੌਰ ਪਿੱਥੋ ਨੇ ਮੀਟਿੰਗ ਕਰਕੇ ਕਿਸਾਨ ਔਰਤਾਂ ਨੂੰ ਕਿਹਾ ਕਿ ਹਾੜੀ ਦੀਆਂ ਫਸਲਾਂ ਕੱਟਣ ਦਾ ਸਮਾਂ ਆ ਗਿਆ ਹੈ। ਇਸ ਲਈ ਕਿਸਾਨ ਫਸਲਾਂ ਦੀ ਸੰਭਾਲ ਕਰਨਗੇ ਅਤੇ ਔਰਤਾਂ ਮੋਰਚੇ ਸੰਭਾਲਣਗੀਆਂ। ਇਸ ਮੌਕੇ ਆਗੂ ਜਗਜੀਤ ਸਿੰਘ ਅਤੇ ਸਿਮਰਜੀਤ ਸਿੰਘ ਦੀ ਦੇਖ-ਰੇਖ ਹੇਠ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਵਿੱਚ ਜਸਪਾਲ ਸਿੰਘ ਨੂੰ ਪ੍ਰਧਾਨ, ਗੁਲਜ਼ਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸਿਕੰਦਰ ਸਿੰਘ ਮੀਤ ਪ੍ਰਧਾਨ, ਚਤਿੰਨ ਸਿੰਘ ਜਨਰਲ ਸਕੱਤਰ, ਮੁਖਤਿਆਰ ਸਿੰਘ ਨੂੰ ਸਹਾਇਕ ਸਕੱਤਰ, ਜਸਮੇਲ ਸਿੰਘ ਖ਼ਜ਼ਾਨਚੀ ਅਤੇ ਸੁਖਦੇਵ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸੇ ਦੌਰਾਨ ਭੁੱਚੋ ਮੰਡੀ ਨੇੜਲੇ ਬੈਸਟ ਪ੍ਰਾਈਸ ਮਾਲ ਅੱਗੇ ਖੇਤੀ ਕਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚੇ ਵਿੱਚ ਅੱਜ ਅਰਹਾ ਪ੍ਰੋਡਕਸ਼ਨ ਦੇ ਬੈਨਰ ਹੇਠ ਕਿਸਾਨ ਅੰਦੋਲਨ ਨਾਲ ਸਬੰਧਤ ਪੰਜਾਬੀ ਫਿਲਮ ‘ਕਿਸਾਨ ਇਤਿਹਾਸ ਰਚੇਗਾ’ ਦੀ ਸ਼ੂਟਿੰਗ ਹੋਈ। ਇਸ ਫਿਲਮ ਦੇ ਪ੍ਰੋਡਿਊਸਰ ਪਰਮਜੀਤ ਖਨੇਜਾ ਹਨ। ਫਿਲਮ ਡਾਇਰੈਕਟਰ ਖੁਸ਼ਬੂ ਸ਼ਰਮਾ ਅਤੇ ਦੇਵੀ ਸ਼ਰਮਾ ਦੱਸਿਆ ਕਿ ਇਸ ਫਿਲਮ ਵੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਲਕੀਤ ਰੌਣੀ, ਸੀਮਾ ਕੌਸ਼ਲ, ਬੌਬ ਖਹਿਰਾ, ਸਹਿਜਪ੍ਰੀਤ ਅਤੇ ਪ੍ਰੀਤ ਸੋਢੀ ਕੰਮ ਕਰ ਰਹੇ ਹਨ। ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਇਸ ਫਿਲਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿਸਾਨ ਅੰਦੋਲਨ ਪ੍ਰਤੀ ਪ੍ਰੇਰਿਤ ਕਰਨਾ ਹੈ।