ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਕਤੂਬਰ
ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਇਤਿਹਾਸਕ ਬਿਲ ਪਾਸ ਕਰਨ ਤੋਂ ਬਾਅਦ ਮਾਲਵਾ ਖੇਤਰ ਵਿੱਚ ਲਾਏ ਜਾ ਰਹੇ ਧਰਨਿਆਂ ਵਿੱਚ ਅੱਜ ਮੋਦੀ ਮੁਰਦਾਬਾਦ ਦੇ ਨਾਅਰੇ ਬੜੇ ਉਤਸ਼ਾਹ ਵਿੱਚ ਲਾਏ ਗਏ। ਧਰਨਾਕਾਰੀ ਇਸ ਨੂੰ ਮੋਦੀ ਸਰਕਾਰ ਖਿਲਾਫ਼ ਵਿੱਢੀ ਹੋਈ ਜੰਗ ਦੀ ਪਹਿਲੀ ਜਿੱਤ ਮਹਿਸੂਸ ਕਰ ਰਹੇ ਸਨ। ਜਥੇਬੰਦੀਆਂ ਨੇ ਮੰਚ ਤੋਂ ਐਲਾਨ ਕੀਤਾ ਕਿ ਮਾਲਵਾ ਖੇਤਰ ਦੇ 10 ਜ਼ਿਲ੍ਹਿਆਂ ਵਿੱਚ ਅੱਜ ਹਰ-ਰੋਜ਼ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਧਰਨਾਕਾਰੀ ਪੁੱਜੇ ਅਤੇ ਖੇਤੀ ਕਾਨੂੰਨਾਂ ਖਿਲਾਫ਼ ਪਾਸ ਕੀਤੇ ਬਿਲਾਂ ਨੂੰ ਕਿਸਾਨਾਂ ਦੀ ਵੱਡੀ ਜਿੱਤ ਮੰਨਦਿਆਂ ਮਾਲਵਾ ਖੇਤਰ ‘ਚੋਂ ਉਠੇ ਇਸ ਸੰਘਰਸ਼ੀ ਧੂੰਏ ਵੱਲੋਂ ਛੇਤੀ ਦੇਸ਼ ਭਰ ਵਿੱਚ ਜਿੱਤ ਹਾਸਲ ਕੀਤੀ ਜਾਵੇਗੀ।
ਮਾਨਸਾ ਦੀਆਂ ਰੇਲਵੇ ਲਾਈਨਾਂ ‘ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਬੇਸ਼ੱਕ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਆਪਣੇ ਵਿਰੋਧੀਆਂ ਨੂੰ ਮਾਤ ਹੀ ਨਹੀਂ ਪਾਉਣ ਦਾ ਯਤਨ ਕੀਤਾ, ਬਲਕਿ ਕਿਸਾਨਾਂ ਦਾ ਝੁਕਾਅ ਵੀ ਆਪਣੇ ਵੱਲ ਕਰਨ ਦੀਆਂ ਕੋਸ਼ਿਸਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਓਨਾ ਸਮਾਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ, ਵਪਾਰੀ ਅਤੇ ਛੋਟੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਏਦਾਰੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵਿੱਚੋਂ ਬਾਹਰ ਕਰਨ ਲਈ ਉਹ ਮੁਕੰਮਲ ਤੌਰ ‘ਤੇ ਬਾਈਕਾਟ ਕਰਨ। ਇਸ ਮੌਕੇ ਜਸਪਾਲ ਉੱਭਾ, ਹਰਿੰਦਰ ਸਿੰਘ ਮਾਨਸਾ, ਜਗਰਾਜ ਸਿੰਘ ਹੀਰਕੇ, ਨਿਰਮਲ ਸਿੰਘ ਝੰਡੂਕੇ, ਕੁਲਵਿੰਦਰ ਸਿੰਘ ਉੱਡਤ, ਰਾਜ ਅਕਲੀਆਂ, ਸੁਖਦੇਵ ਸਿੰਘ ਅਤਲਾ, ਭਜਨ ਸਿੰਘ ਘੁੰਮਣ, ਜਲੌਰ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ ਜਟਾਣਾ, ਉਗਰ ਸਿੰਘ, ਕਰਨੈਲ ਸਿੰਘ ਮਾਨਸਾ, ਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਮੋਗਾ (ਨਿੱਜੀ ਪੱਤਰ ਪੇ੍ਰਕ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਮਤਾ ਕਿਸਾਨਾਂ ਤੇ ਸਮੂਹ ਪੰਜਾਬੀਆਂ ਦੇ ਰੋਸ, ਗੁੱਸੇ, ਬੈਚੈਨੀ ਦੀ ਭਾਵਨਾ ਦਾ ਪ੍ਰਤੀਕ ਹੈ। ਪੰਜਾਬੀਆਂ ਨੂੰ ਏਕੇ ਤੇ ਰੋਸ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੀਦਾ । ਇਹ ਵਿਚਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨਾਂ ਬਿੱਲਾਂ ਅਤੇ ਪ੍ਰਸਤਾਵ ਦਾ ਸੁਆਗਤ ਕਰਦਿਆਂ ਪੰਜਾਬ ਕਾਂਗਰਸ ਦੇ ਸੁਬਾਈ ਬੁਲਾਰੇ ਡਾ. ਤਾਰਾ ਸਿੰਘ ਸੰਧੂ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦੇ ਪ੍ਰਗਟ ਕੀਤੇ। ਇਸ ਮੌਕੇ ਡਾ.ਸੰਧੂ ਨੇ ਆਖਿਆ ਕਿ ਇਹ ਜੰਗ ਜਿੱਤ ਵਿੱਚ ਬਦਲਣ ਲਈ ਹਰ ਮੋੜ ਉੱਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨੇ ਇਸ ਜੱਦੋ ਜਹਿਦ ਨੂੰ ਸਿਦਕ ਅਤੇ ਚੌਕਸੀ ਨਾਲ ਜਾਰੀ ਰੱਖਿਆ ਹੈ, ਉਹ ਵੀ ਪ੍ਰਸੰਸਾਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਤਾ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਂਗ ਮੀਲ ਪੱਥਰ ਸਾਬਤ ਹੋਵੇਗਾ। ਇਸ ਤੋਂ ਪਹਿਲਾਂ ਨੀਲਾ ਤਾਰਾ ਸਾਕਾ ਅਪਰੇਸ਼ਨ, ਸ੍ਰੀ ਦਰਬਾਰ ਸਾਹਿਬ ਵਿੱਚ ਬਰਨਾਲਾ ਸਰਕਾਰ ਵੇਲੇ ਅਸਤੀਫ਼ੇ ਦੇਣਾ, ਕੰਦੂ ਖੇੜਾ ਵਿੱਚ ਮੋਰਚਾ ਲਗਾ ਕੇ ਅਬੋਹਰ ਤੇ ਫ਼ਾਜ਼ਿਲਕਾ ਨੂੰ ਬਚਾਉਣਾ, ਪੰਜਾਬ ਦੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨਾ ਪੰਜਾਬ ਦੇ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦੇ ਹਨ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਦਾ ਨੇ ਦੱਸਿਆ ਕਿ ਰਾਮਪੁਰਾ ਫੂਲ ਵਿਖੇ ਚੱਲ ਰਹੇ ਧਰਨਿਆਂ ਵਿੱਚ ਲੋਕ ਬਹੁਤ ਵੱਡੀ ਗਿਣਤੀ ਵਿਚ ਬੜੇ ਹੀ ਉਤਸ਼ਾਹ ਨਾਲ ਸ਼ਾਮਲ ਹੋ ਰਹੇ ਹਨ ਤੇ ਸਮੂਹ ਪੰਜਾਬੀਆਂ ਵੱਲੋਂ ਧਰਨਿਆਂ ਨੂੰ ਵੱਡੀ ਪੱਧਰ ’ਤੇ ਸਮਰਥਨ ਮਿਲ ਰਿਹਾ ਹੈ। ਲੋਕਾਂ ਵੱਲੋਂ ਰਾਸ਼ਨ ਅਤੇ ਨਕਦੀ ਨਾਲ ਸਹਾਇਤਾ ਕਰਨ ਤੋਂ ਇਲਾਵਾ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਸ਼ਾਮਲ ਹੋ ਰਹੇ ਹਨ ਤੇ 25 ਤਾਰੀਖ਼ ਨੂੰ ਦੁਸਹਿਰੇ ਵਾਲੇ ਦਿਨ ਮੋਦੀ, ਅਡਾਨੀ ਅਤੇ ਅੰਬਾਨੀ ਦੇ ਪੁਤਲੇ ਫੂਕਣ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਾਬ ਸਿੰਘ ਜਿਊਂਦ, ਜ਼ੋਰਾ ਸਿੰਘ ਨਸਰਾਲੀ, ਬੂਟਾ ਸਿੰਘ ਬੱਲੋ, ਬੇਅੰਤ ਕੌਰ ਪਿੱਥੋ, ਸੁਖਜੀਤ ਕੌਰ ਰਾਮਪੁਰਾ ਅਤੇ ਬਿੰਦਰ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਹਰਿਆਣਵੀ ਟੌਲ ਪਲਾਜ਼ਾ ਬੰਦ ਕਰਨਗੇ ਕਿਸਾਨ
ਡੱਬਵਾਲੀ (ਪੱਤਰ ਪੇ੍ਰਕ): ਹੁਣ ਖੇਤੀ ਕਾਨੂੰਨਾਂ ਦੇ ਵਿਰੋਧ ਹਰਿਆਣਵੀ ਟੌਲ ਪਲਾਜ਼ਾ ਵੀ ਰਾਹਗੀਰਾਂ ਲਈ ਮੁਫ਼ਤ ਹੋ ਜਾਣਗੇ। ਡੱਬਵਾਲੀ ਸਬ ਡਵੀਜ਼ਨ ਦੇ ਕਿਸਾਨ ਕੌਮੀ ਸ਼ਾਹ ਰਾਹ 9 ’ਤੇ ਖੂਈਆਂ ਮਲਕਾਣਾ ਟੌਲ ਪਲਾਜ਼ਾ ’ਤੇ 28 ਅਕੂਬਰ ਤੋਂ ਅਣਮਿੱਥੇ ਸਮੇਂ ਦਾ ਸੰਘਰਸ਼ ਵਿੱਢਣ ਜਾ ਰਹੇ ਹਨ ਜਿਸ ਵਿੱਚ ਪੰਜਾਹ ਪਿੰਡਾਂ ਦੇ ਕਿਸਾਨ ਹਿੱਸਾ ਲੈਣਗੇ। ਇਸ ਬਾਰੇ ਕਿਸਾਨਾਂ ਨੇ ਪਿੰਡ ਵਿੱਚੋਂ ਪ੍ਰਾਪਤ ਆਮ ਸਹਿਮਤੀ ਨਾਲ ਫੈਸਲਾ ਲਿਆ ਹੈ। ਸੰਘਰਸ਼ ਦੇ ਆਗਾਜ਼ ਸਮੇਂ ਵੱਡੀ ਗਿਣਤੀ ਟਰੈਕਟਰਾਂ ’ਤੇ ਹਜ਼ਾਰਾਂ ਕਿਸਾਨ ਪੁੱਜ ਕੇ ਟੌਲ ਪਲਾਜ਼ਾ ਦਾ ਕਬਜ਼ਾ ਆਪਣੇ ਹੱਥ ਵਿੱਚ ਲੈਣਗੇ ਜਿਸ ਮਗਰੋਂ ਕਿਸਾਨਾਂ ਨੇ ਹਲਕੇ ਦੇ ਪਿੰਡਾਂ ’ਚ 28 ਅਕਤੂਬਰ ਤੋਂ ਸੰਘਰਸ਼ ਦੇ ਆਗਾਜ਼ ਲਈ ਲਾਮਬੰਦੀ ਮੁਹਿੰਮ ਵਿੱਢੀ ਹੋਈ ਹੈ। ਕਿਸਾਨ ਸੰਘਰਸ਼ ਦੇ ਕਿਸਾਨ ਆਗੂ ਗੁਰਪ੍ਰੇਮ ਸਿੰਘ ਦੇਸੂਜੋਧਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ। ਦੂਜੇ ਪਾਸੇ ਡੱਬਵਾਲੀ ਦੇ ਡੀ.ਐਸ.ਪੀ. ਕੁਲਦੀਪ ਸਿੰਘ ਬੈਣੀਵਾਲ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਹੁਣ ਸਿਆਸੀ ਧਿਰਾਂ ਰਾਜ ਭਵਨ ਅੱਗੇ ਮੋਰਚਾ ਲਾਉਣ: ਲਬਿਰੇਸ਼ਨ
ਮਾਨਸਾ (ਪੱਤਰ ਪੇ੍ਰਕ): ਸੀਪੀਆਈ (ਐਮ.ਐਲ) ਲਬਿਰੇਸ਼ਨ ਦਾ ਕਹਿਣਾ ਹੈ ਕਿ ਸਿਆਸੀ ਧਿਰਾਂ ਹੁਣ ਰਾਜਪਾਲ ਤੋਂ ਪ੍ਰਵਾਨਗੀ ਦਿਵਾਉਣ ਲਈ ਰਾਜ ਭਵਨ ਅੱਗੇ ਮੋਰਚਾ ਲਾਉਣ। ਉਨ੍ਹਾਂ ਜਿਥੇ ਕੱਲ੍ਹ ਵਿਧਾਨ ਸਭਾ ਦੇ ਇਜਲਾਸ ਵਿੱਚ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਢੁੱਕਵਾਂ ਮਤਾ ਤਿਆਰ ਕਰਕੇ ਪੇਸ਼ ਨਾ ਕਰਨ ਬਦਲੇ ਕੈਪਟਨ ਸਰਕਾਰ ਦੀ ਆਲੋਚਨਾ ਕੀਤੀ ਹੈ, ਉਥੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਵਿਧਾਨ ਸਭਾ ਵਲੋਂ ਇਕਜੁੱਟ ਹੋ ਕੇ ਸਰਬਸੰਮਤੀ ਨਾਲ ਬੀਜੇਪੀ ਨੂੰ ਨਿਖੇੜਣ ਤੇ ਕੇਂਦਰ ਸਰਕਾਰ ਨੂੰ ਪਿੱਛੇ ਹੱਟਣ ਲਈ ਮਜਬੂਰ ਕਰਨ ਹਿੱਤ ਆਵਾਜ਼ ਉਠਾਉਣ ਦੀ ਬਜਾਏ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸ਼ੋਰ ਸ਼ਰਾਬੇ, ਹੰਗਾਮੇ ਅਤੇ ਧਰਨਿਆਂ ਵਰਗੇ ਖਬਰਾਂ ਬਣਾਊ ਡਰਾਮੇ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਹੈ।ਲਬਿਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ ਅਤੇ ਪਾਰਟੀ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਉਹ ਮੋਦੀ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧ ਨੂੰ ਵੀ ਰੱਦ ਕਰਨ, ਗਰੀਬ ਪਰਿਵਾਰਾਂ ਸਿਰ ਖੜ੍ਹੇ ਸਾਰੇ ਛੋਟੇ ਕਰਜ਼ੇ ਅਤੇ ਲੌਕਡਾਊਨ ਦੌਰ ਦੇ ਉਨ੍ਹਾਂ ਦੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ ਅਤੇ ਸਨਅਤ ਵਾਂਗ ਘਰੇਲੂ ਬਿਜਲੀ ਦਰਾਂ ਨੂੰ ਘਟਾ ਕੇ 5 ਰੁਪਏ ਯੂਨਿਟ ਕਰਨ ਦੇ ਬਿੱਲ ਵੀ ਪਾਸ ਕਰੇ।
ਖੇਤੀ ਕਾਨੂੰਨਾਂ ਖ਼ਿਲਾਫ਼ ਅੰਤਰਰਾਜੀ ਜਥੇਬੰਦਕ ਜੁਗਲਬੰਦੀ ਸ਼ੁਰੂ
ਲੰਬੀ/ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਭਾਕਿਯੂ ਏਕਤਾ ਉਗਰਾਹਾਂ ਦੇ ਸੱਦੇ ’ਤੇ ਨਰਿੰਦਰ ਮੋਦੀ ਅਤੇ ਕਾਰਪੋਰੇਟ ਸਾਮਰਾਜੀਆਂ ਦੇ ਪੁਤਲੇ ਫੂਕ ਕੇ ਕਿੱਲਿਆਂਵਾਲੀ ’ਚ ਦਸਹਿਰਾ ਮਨਾਉਣ ਲਈ ਅੰਤਰਰਾਜੀ ਮੁਹਿੰਮ ਜ਼ਮੀਨੀ ਪੱਧਰ ’ਤੇ ਅਮਲ ’ਚ ਆ ਗਈ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਪਹਿਲਕਦਮੀ ’ਤੇ ਲੰਬੀ ਅਤੇ ਡੱਬਵਾਲੀ ਇਲਾਕੇ ਦੀਆਂ ਪੇਂਡੂ ਅਤੇ ਸ਼ਹਿਰੀ ਖੇਤਰ ਦੀਆਂ 15 ਜਥੇਬੰਦੀਆਂ ਵੱਲੋਂ ਕਿਸਾਨ ਘੋਲ ਦੇ ਸਮਰਥਨ ਵਿੱਚ ਸੰਘਰਸ਼ ਕਮੇਟੀ ਗਠਿਤ ਕੀਤੀ ਹੈ। ਤਿਆਰੀਆਂ ਸਬੰਧੀ ਮੰਡੀ ਕਿੱਲਿਆਂਵਾਲੀ ਵਿਖੇ ਚੌਧਰੀ ਦੇਵੀ ਲਾਲ ਯਾਦਗਾਰੀ ਸਮਾਰਕ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਦਸਹਿਰੇ ਮੌਕੇ ਮੰਡੀ ਕਿੱਲਿਆਂਵਾਲੀ ਵਿਖੇ ਨਰਿੰਦਰ ਮੋਦੀ, ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੇ ਦਿਓ ਕੱਦ ਪੁਤਲੇ ਫੂਕ ਕੇ ਦਸਹਿਰਾ ਮਨਾਉਣ ਦੇ ਪ੍ਰੋਗਰਾਮ ’ਚ ਭਾਰੀ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ। ਦਸਹਿਰੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਰਿਆਣਾ ਖੇਤਰ ਦੇ ਪਿੰਡ ਡੱਬਵਾਲੀ, ਜੋਗੇਵਾਲਾ, ਦੇਸੂਯੋਧਾ ਤੇ ਮਾਗੇਆਣਾ ’ਚ ਰੈਲੀਆਂ ਕੀਤੀਆਂ। ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਗੀਤਾਂ ਰਾਹੀਂ ਲੋਕਾਂ ਨੂੰ 25 ਅਕਤੂਬਰ ਨੂੰ ਮੰਡੀ ਕਿੱਲਿਆਂਵਾਲੀ ’ਚ ਪੁਤਲਾ ਸਾੜ ਦਸਹਿਰੇ ’ਚ ਪੁੱਜਣ ਦਾ ਹੌਕਾ ਦਿੱਤਾ। ਰਾਜਸਥਾਨ ਦੇ ਪਿੰਡ ਹਰੀਪੁਰਾ, ਭਾਕਰਾ, ਢਾਬਾਂ ਅਤੇ ਭਗਤਪੁਰਾ ਆਦਿ ਪਿੰਡਾਂ ਵਿੱਚ ਕਿਸਾਨ ਆਗੂ ਜਗਸੀਰ ਸਿੰਘ ਗੱਗੜ ਤੇ ਜਗਦੀਪ ਸਿੰਘ ਖੁੱਡੀਆਂ ਨੇ ਰੈਲੀਆਂ ਕਰਕੇ ਰਾਜਸਥਾਨ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ 25 ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਟੀ.ਐਸ.ਯੂ. ਦੇ ਸੱਤਪਾਲ ਬਾਦਲ, ਮਹਿੰਦਰ ਸਿੰਘ ਖੁੱਡੀਆਂ, ਮਿੱਡ ਡੇਅ ਮੀਲ ਵਰਕਰ ਯੂਨੀਅਨ ਹਰਿਆਣਾ ਬਲਾਕ ਡੱਬਵਾਲੀ ਦੇ ਰਾਜ ਰਾਣੀ, ਕਰਿਆਣਾ ਮਰਚੈਟਟਸ ਐਸੋਸੀਏਸਨ ਮੰਡੀ ਕਿੱਲਿਆਂਵਾਲੀ ਦੇ ਰਾਕੇਸ਼ ਕੁਮਾਰ, ਕਰਿਆਣਾ ਮਰਚੈਟਟਸ ਐਸੋਸੀਏਸਨ ਲੰਬੀ ਦੇ ਮੱਖਣ ਲਾਲ ਆਿਦ ਮੌਜੂਦ ਸਨ।