ਸ਼ਗਨ ਕਟਾਰੀਆ
ਬਠਿੰਡਾ, 19 ਜਨਵਰੀ
ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੀ ਅਗਵਾਈ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਇੱਥੇ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਪੁਤਲਾ ਸਾੜਨ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਮਾਰਚ ਕਰਦਿਆਂ ਸਾਮਰਾਜਵਾਦ ਅਤੇ ਉਸ ਨੂੰ ਸ਼ਹਿ ਦੇਣ ਵਾਲੀਆਂ ਹਕੂਮਤਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸੀ ਹਾਕਮਾਂ ਨੇ ਦੇਸ਼ ਨੂੰ ਵਿਦੇਸ਼ੀ ਜਰਵਾਣਿਆਂ ਕੋਲ ਗਹਿਣੇ ਪਾ ਦਿੱਤਾ ਹੈ ਅਤੇ ਸਰਮਾਏਦਾਰ ਵਪਾਰੀ ਭਾਰਤ ਦੇ ਅਸਾਸੇ ਦੀ ਦੋਵੇਂ ਹੱਥੀਂ ਲੁੱਟ ਰਹੇ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਪੱਖ ਪੂਰਨ ਵਾਲੀ ਸੰਸਥਾ ਕੌਮਾਂਤਰੀ ਮੁਦਰਾ ਕੋਸ਼ ਦੇ ਮੁਖੀ ਦਾ ਪੁਤਲਾ ਫੂਕਿਆ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ 15 ਪਿੰਡਾਂ ਵਿੱਚ ਮੁਜ਼ਾਹਰੇ ਕੀਤੇ ਗਏ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ 1992 ਵਿੱਚ ਹੋਏ ਡੰਕਲ ਸਮਝੌਤੇ ਅਨੁਸਾਰ ਹੁਣ ਮੋਦੀ ਹਕੂਮਤ ਦੇਸ਼ ਦਾ ਸਭ ਕੁਝ ਵੱਡੇ ਸਰਮਾਏਦਾਰ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ ਅਤੇ ਇਸੇ ਨੀਤੀ ਤਹਿਤ ਖੇਤੀ ਨੂੰ ਵੀ ਸਰਮਾਏਦਾਰੀ ਲੋਕਾਂ ਦੇ ਹਵਾਲੇ ਕਰਨ ਲਈ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਹਨ। ਇਸ ਮੌਕੇ ਹਰਿੰਦਰ ਸਿੰਘ ਟੌਨੀ, ਭਾਨ ਸਿੰਘ ਬਰਨਾਲਾ, ਬਿੱਟੂ ਸਿੰਘ ਖੌਖਰ ਵੀ ਮੌਜੂਦ ਸਨ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਭੋਤਨਾ, ਰਾਮਗੜ੍ਹ ਅਤੇ ਦੀਵਾਨਾ ਵਿੱਚ ਵਿਸ਼ਵ ਵਪਾਰ ਸੰਸਥਾ ਅਤੇ ਭਾਰਤੀ ਮੁਦਰਾ ਬੈਂਕ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤੇ ਗਏ। ਕਿਸਾਨ ਆਗੂ ਗੁਰਨਾਮ ਸਿੰਘ ਭੋਤਨਾ, ਹਰਪ੍ਰੀਤ ਸਿੰਘ ਰਾਮਗੜ੍ਹ ਅਤੇ ਸੰਦੀਪ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਵਿੱਚ ਸਭ ਤੋਂ ਵੱਡਾ ਹੱਥ ਵਿਸ਼ਵ ਵਪਾਰ ਸੰਸਥਾ ਦਾ ਹੈ। ਇਸ ਸੰਸਥਾ ਵੱਲੋਂ ਕਾਰਪੋਰੇਟ ਘਰਾਣਿਆਂ ਨਾਲ ਕਰਵਾਏ ਗਏ ਸਮਝੌਤਿਆਂ ਤਹਿਤ ਇਹ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਭਾਰਤੀ ਮੁਦਰਾ ਬੈਂਕ ਸੰਸਥਾ ਵੱਲੋਂ ਵੀ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨਬਾਜ਼ੀ ਕੀਤੀ ਗਈ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਉਗਰਾਹਾਂ ਧੜੇ ਵੱਲੋਂ ਲੰਬੀ ਦੇ 15 ਪਿੰਡਾਂ ਵਿੱਚ ਮੁਜ਼ਾਹਰੇ
ਲੰਬੀ (ਇਕਬਾਲ ਸਿੰਘ ਸ਼ਾਂਤ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਲੰਬੀ ਹਲਕਾ ਦੇ 15 ਪਿੰਡਾਂ ਵਿੱਚ ਕਿਸਾਨਾਂ-ਮਜ਼ਦੂਰਾਂ ਨੇ ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਪੁਤਲੇ ਫੂਕੇ ਗਏ। ਲੋਕ ਮਾਰੂ ਨੀਤੀਆਂ ਅਤੇ ਨੀਤੀ ਘਾੜਿਆਂ ਖਿਲਾਫ਼ ਪਿੰਡ ਸਿੰਘੇਵਾਲਾ, ਗੱਗੜ, ਮਿੱਠੜੀ ਬੁੱਧਗਿਰ, ਕਿੱਲਿਆਂਵਾਲੀ, ਵੜਿੰਗਖੇੜਾ, ਚੰਨੂ, ਰੋੜਾਂਵਾਲੀ, ਆਧਨੀਆਂ, ਭਾਗੂ, ਸਿੱਖਵਾਲਾ, ਢਾਣੀ ਤੇਲੀਆਂਵਾਲੀ ਅਤੇ ਖੁੱਡੀਆਂ ਅਤੇ ਹੋਰਨਾਂ ਪਿੰਡਾਂ ’ਚ ਰੋਸ ਮੁਜ਼ਾਹਰੇ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ 21 ਜਨਵਰੀ ਨੂੰ ਲੰਬੀ ਹਲਕੇ ਵਿੱਚ ਕੀਤੇ ਜਾ ਰਹੇ ਟਰੈਕਟਰ ਮਾਰਚ ’ਚ ਵੱਡੀ ਪੱਧਰ ’ਤੇ ਕਿਸਾਨ, ਖੇਤ ਮਜ਼ਦੂਰ ਅਤੇ ਔਰਤਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਭਾਕਿਯੂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਂਵਾਲੀ ਅਤੇ ਨੌਜਵਾਨ ਆਗੂ ਜਗਦੀਪ ਖੁੱਡੀਆਂ ਨੇ ਦੱਸਿਆ ਕਿ ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਕੋਸ਼ ਵਰਗੀਆਂ ਸੰਸਥਾਵਾਂ ਹੀ ਵਿਸ਼ਵ ਪੱਧਰ ’ਤੇ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਜਨਮ ਦਾਤੀਆਂ ਹਨ। ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ ਲੰਬੀ ਬਲਾਕ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਟਰੈਕਟਰ ਮਾਰਚ ’ਚ ਵੱਡੀ ਪੱਧਰ ’ਤੇ ਕਿਸਾਨ, ਖੇਤ ਮਜ਼ਦੂਰ ਅਤੇ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵੀਰ ਸਿੰਘ ਵੜਿੰਗਖੇੜਾ, ਜਗਸੀਰ ਗੱਗੜ, ਦਿਲਜੀਤ ਮਿਠੜੀ ਬੁੱਧਗਿਰ ਅਤੇ ਨਿਸ਼ਾਨ ਕੱਖਾਂਵਾਲੀ ਵੀ ਮੌਜੂਦ ਸਨ।